ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 25 ਅਗਸਤ
ਪੁਲੀਸ ਨੇ ਬੁੱਧਵਾਰ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੇ ਇੱਕ ਮੈਂਬਰ ਨੂੰ ਦੋ ਪਿਸਤੌਲ ਤੇ ਦੋ ਕਾਰਤੂਸਾਂ ਸਣੇ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਅਮਨ ਕੁਮਾਰ ਵਾਸੀ ਜ਼ੀਰਕਪੁਰ ਵਜੋਂ ਹੋਈ ਹੈ। ਇਹ ਕਾਰਵਾਈ ਚੰਡੀਗੜ੍ਹ ਪੁਲੀਸ ਦੀ ਕ੍ਰਾਈਮ ਬ੍ਰਾਂਚ ਨੇ ਦੀਪੂ ਬਨੂੜ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੁੱਛ ਪੜਤਾਲ ਕਰਨ ਮਗਰੋਂ ਕੀਤੀ ਹੈ। ਪੁਲੀਸ ਅਨੁਸਾਰ ਅਮਨ ਕੁਮਾਰ ਨੇ ਆਪਣੀ ਬਾਂਹ ’ਤੇ ਦੀਪੂ ਬਨੂੜ ਦਾ ਨਾਂ ਗੁੰਦਵਾਇਆ ਹੋਇਆ ਹੈ। ਅਦਾਲਤ ਨੇ ਅਮਨ ਨੂੰ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਹੈ। ਜਾਣਕਾਰੀ ਮੁਤਾਬਕ ਦੀਪੂ ਬਨੂੜ ਵੀ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕਰੀਬੀ ਹੈ, ਜਿਸ ਖ਼ਿਲਾਫ਼ ਲਗਪਗ 20 ਕੇਸ ਦਰਜ ਹਨ ਤੇ ਮੌਜੂਦਾ ਸਮੇਂ ਉਹ ਬੁੜ੍ਹੈਲ ਜੇਲ੍ਹ ਵਿੱਚ ਬੰਦ ਹੈ। ਪੁੱਛ ਪੜਤਾਲ ਦੌਰਾਨ ਦੀਪੂ ਨੇ ਪੁਲੀਸ ਨੂੰ ਦੱਸਿਆ ਸੀ ਕਿ ਅਮਨ ਕੁਮਾਰ ਨੂੰ ਨਾਜਾਇਜ਼ ਅਸਲਾ ਸਪਲਾਈ ਕਰਵਾਇਆ ਗਿਆ ਹੈ।