ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 15 ਜਨਵਰੀ
ਚਾਲੀ ਮੁਕਤਿਆਂ ਨੂੰ ਸਮਰਪਿਤ ਧਾਰਮਿਕ ਮੇਲਾ ਮਾਘੀ ਅੱਜ ਸ੍ਰੀ ਦਰਬਾਰ ਸਾਹਿਬ ਵੱਲੋਂ ਕੱਢੇ ਨਗਰ ਕੀਰਤਨ ਅਤੇ ਨਿਹੰਗ ਸਿੰਘਾਂ ਦੇ ਮਹੱਲੇ ਉਪਰੰਤ ਸਮਾਪਤ ਹੋ ਗਿਆ ਹੈ। ਨਗਰ ਕੀਰਤਨ ਗੁਰਦੁਆਰਾ ਟੁੱਟੀ-ਗੰਢੀ ਸਾਹਿਬ ਤੋਂ ਆਰੰਭ ਹੋਇਆ ਤੇ ਸ਼ਹਿਰ ਵਿਚੋਂ ਹੁੰਦਾ ਹੋਇਆ ਗੁਰਦੁਆਰਾ ਟਿੱਬੀ ਸਾਹਿਬ, ਗੁਰਦੁਆਰਾ ਦਾਤਣਸਰ ਸਾਹਿਬ ਤੋਂ ਜਲਾਲਾਬਾਦ ਰੋਡ ਰਾਹੀਂ ਵਾਪਸ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਆ ਕੇ ਸਮਾਪਤ ਹੋਇਆ। ਦੱਸਣਯੋਗ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਟਿੱਬੀ ਸਾਹਿਬ ਦੇ ਸਥਾਨ ’ਤੇ ਟਿਕਾਣਾ ਕੀਤਾ ਹੋਇਆ ਸੀ ਜਦੋਂਕਿ ਮੁਗਲਾਂ ਨਾਲ ਲੜਾਈ ਖਿਦਰਾਣਾ ਦੀ ਢਾਬ ਜਿੱਥੇ ਹੁਣ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਸਥਿਤ ਹੈ, ਵਿਖੇ ਲੜੀ ਜਾ ਰਹੀ ਸੀ। ਗੁਰੂ ਜੀ ਟਿੱਬੀ ਸਾਹਿਬ ਤੋਂ ਦੁਸ਼ਮਣਾਂ ਉੱਪਰ ਤੀਰਾਂ ਦੀ ਵਰਖਾ ਕਰਦੇ ਸਨ। ਇਸੇ ਸਥਾਨ ’ਤੇ ਇਕ ਮੁਗਲ ਨੇ ਦਾਤਣ ਕਰ ਰਹੇ ਗੁਰੂ ਜੀ ਉੱਪਰ ਪਿੱਠ ਪਿੱਛੇ ਵਾਰ ਕੀਤਾ ਸੀ। ਇਸ ਲਈ ਟੁੱਟੀ ਗੰਢੀ ਸਾਹਿਬ ਤੋਂ ਨਗਰ ਕੀਰਤਨ ਟਿੱਬੀ ਸਾਹਿਬ ਜਾ ਕੇ ਧਾਰਮਿਕ ਸਮਾਗਮਾਂ ਦੀ ਸਮਾਪਤੀ ਕਰਦਾ ਹੈ।
ਇਸ ਦੌਰਾਨ ਵੱਖ-ਵੱਖ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਨਿਸ਼ਾਨਾਂ, ਝੰਡਿਆਂ ਨਾਲ ਪੁਰਾਤਨ ਰਹੁ-ਰੀਤ ਮੁਤਾਬਕ ਘੋੜਿਆਂ ’ਤੇ ਸਵਾਰ ਹੋ ਕੇ ਮਹੱਲਾ ਕੱਢਿਆ ਗਿਆ। ਛਾਉਣੀ ਨਿਹੰਗ ਸਿੰਘਾਂ ਬੁੱਢਾ ਦਲ ਤੋਂ ਸ਼ੁਰੂ ਹੋ ਕੇ ਇਹ ਮਹੱਲਾ ਸ਼ਹਿਰ ਦੇ ਬਾਜ਼ਾਰਾਂ ਵਿਚ ਦੀ ਹੁੰਦਾ ਹੋਇਆ ਵਾਪਸ ਗੁਰਦੁਆਰਾ ਗੁਰੂ ਕਾ ਖੂਹ ਸਾਹਿਬ, ਟਿੱਬੀ ਸਾਹਿਬ ਅਤੇ ਆਪੋ-ਆਪਣੇ ਪੜਾਵਾਂ ’ਤੇ ਪੁੱਜਾ। ਇਸ ਦੌਰਾਨ ਸਿੰਘਾਂ ਨੇ ਘੋੜਿਆਂ ਦੀਆਂ ਦੌੜਾਂ ਅਤੇ ਯੁੱਧਕਲਾ ਦਾ ਪ੍ਰਦਰਸ਼ਨ ਕੀਤਾ।
ਇਸ ਮੌਕੇ ਼ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁੱਖ ਬਾਬਾ ਬਲਬੀਰ ਸਿੰਘ 96 ਕਰੋੜੀ, ਦਲ ਬਾਬਾ ਬਿੱਧੀ ਚੰਦ ਦੇ ਮੁਖੀ ਬਾਬਾ ਅਵਤਾਰ ਸਿੰਘ, ਮਿਸਲ ਸ਼ਹੀਦਾਂ ਤਰਨਾ ਦਲ ਦੇ ਬਾਬਾ ਗੱਜਣ ਸਿੰਘ, ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ, ਬਾਬਾ ਤਰਸੇਮ ਸਿੰਘ ਮਹਿਤਾ ਚੌਕ, ਬਾਬਾ ਛਿੰਦਾ ਸਿੰਘ ਭਿੱਖੀਵਿੰਡ ਆਦਿ ਜਥੇਬੰਦੀਆਂ ਦੇ ਮੁਖੀ ਸ਼ਾਮਲ ਹੋਏ।