ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 14 ਜੁਲਾਈ
ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਜ ਵਿਭਾਗ ਨਾਲ ਸਬੰਧਤ ਵੱਖ-ਵੱਖ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ ਕਰ ਕੇ ਸੰਭਵ ਮੰਗਾਂ ਹੱਲ ਕਰਨ ਦਾ ਭਰੋਸਾ ਦਿੱਤਾ। ਬਿਜਲੀ ਮੰਤਰੀ ਨੇ ਆਖਿਆ ਕਿ ਪੰਜਾਬ ਸਰਕਾਰ ਵਿਭਾਗ ਨਾਲ ਸਬੰਧਤ ਵੱਖ-ਵੱਖ ਯੂਨੀਅਨਾਂ ਦੀਆਂ ਮੰਗਾਂ ਨੂੰ ਹਮਦਰਦੀ ਨਾਲ ਵਿਚਾਰਦੇ ਹੋਏ ਇਨ੍ਹਾਂ ਦੇ ਹੱਲ ਲਈ ਸਕਰਾਤਮਕ ਰਵੱਈਆ ਰੱਖਦੀ ਹੈ। ਇਸੇ ਤਹਿਤ ਯੂਨੀਅਨਾਂ ਵੱਲੋਂ ਰੱਖੀਆਂ ਗਈਆਂ ਮੰਗਾਂ ’ਤੇ ਵੀ ਉਸਾਰੂ ਸੋਚ ਰੱਖਦੇ ਹੋਏ ਇਨ੍ਹਾਂ ਦਾ ਸੰਭਵ ਕੱਢਣ ਦਾ ਯਤਨ ਕੀਤਾ ਜਾਵੇਗਾ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਬਿਜਲੀ ਮੰਤਰੀ ਨਾਲ ਮੀਟਿੰਗ ਕਰਨ ਵਾਲੀਆਂ ਜਥੇਬੰਦੀਆਂ ਵਿੱਚ ਪਾਵਰਕੌਮ ਮੀਟਰ ਰੀਡਰ ਯੂਨੀਅਨ (ਆਜ਼ਾਦ), ਅਪ੍ਰੈਂਟਿੰਸ ਲਾਈਨਮੈਨ ਯੂਨੀਅਨ ਪੰਜਾਬ ਤੇ ਮ੍ਰਿਤਕ ਆਸ਼ਰਿਤ ਸੰਘਰਸ਼ ਕਮੇਟੀ ਦੇ ਨੁਮਾਇੰਦੇ ਸ਼ਾਮਲ ਸਨ। ਇਸ ਮੌਕੇ ਪਾਵਰਕੌਮ ਦੇ ਸੀਐੱਮਡੀ ਇੰਜਨੀਅਰ ਬਲਦੇਵ ਸਿੰਘ ਸਰਾ, ਡਾਇਰੈਕਟਰ ਵੰਡ ਇੰਜਨੀਅਰ ਆਈਪੀਐੱਸ ਗਰੇਵਾਲ ਤੇ ਡਾਇਰੈਕਟਰ ਕਮਰਸ਼ੀਅਲ ਗੋਪਾਲ ਸ਼ਰਮਾ ਹਾਜ਼ਰ ਸਨ।