ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 31 ਅਕਤੂਬਰ
ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਡਾ. ਸਲਿਲ ਕੁਮਾਰ ਜੈਨ ਨੇ ਭਾਰਤ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨਾਲ ਮੁਲਾਕਾਤ ਕਰ ਕੇ ਮੰਗ ਕੀਤੀ ਹੈ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਭਗਵਾਨ ਮਹਾਵੀਰ ਚੇਅਰ ਸਥਾਪਤ ਕੀਤੀ ਜਾਵੇ ਤਾਂ ਜੋ ਮਹਾਵੀਰ ਦਾ ਸੰਦੇਸ਼ ਲੋਕਾਂ ਤੱਕ ਪਹੁੰਚੇ ਅਤੇ ਅਹਿੰਸਾ ਦਾ ਰਾਜ ਸਥਾਪਤ ਹੋਵੇ। ਉਨ੍ਹਾਂ ਉਪ ਰਾਸ਼ਟਰਪਤੀ ਨੂੰ ਭਾਰਤ ਰਤਨ ਡਾ. ਏਪੀਜੇ ਅਬਦੁਲ ਕਲਾਮ ਦੀ ਪੁਸਤਕ ਵੀ ਭੇਟ ਕੀਤੀ।
ਉਨ੍ਹਾਂ ਮੰਗ ਕੀਤੀ ਕਿ ਸਰਹਿੰਦ ਵਿੱਚ ਦੀਵਾਨ ਟੋਡਰ ਮੱਲ ਜੈਨ ਦੀ ਜਹਾਜ਼ ਹਵੇਲੀ ਨੂੰ ਵਿਰਾਸਤੀ ਦਰਜਾ ਦਿੱਤਾ ਜਾਵੇ ਕਿਉਂਕਿ ਇਸ ਨਾਲ ਨਵੀਂ ਪੀੜ੍ਹੀ ਵਿੱਚ ਸ਼ਰਧਾ, ਸਮਰਪਣ ਅਤੇ ਸਦਭਾਵਨਾ ਵਧੇਗੀ। ਉਨ੍ਹਾਂ ਪੰਜਾਬ ਦੇ ਘੱਟ ਗਿਣਤੀ ਭਾਈਚਾਰੇ ਦੀ ਆਪਸੀ ਭਾਈਚਾਰਕ ਸਾਂਝ ਅਤੇ ਭਾਰਤੀ ਸਭਿਆਚਾਰ ਵਿੱਚ ਜੈਨ ਸਮਾਜ ਦੇ ਵਡਮੁੱਲੇ ਯੋਗਦਾਨ ਦੀ ਚਰਚਾ ਵੀ ਕੀਤੀ। ਡਾ. ਜੈਨ ਨੇ ਉਪ ਰਾਸ਼ਟਰਪਤੀ ਨੂੰ ਚੰਡੀਗੜ੍ਹ ਵਿੱਚ ਸੈਮੀਨਾਰ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਡੀਏਵੀ ਕਾਲਜ ਦੇ ਸਹਾਇਕ ਪ੍ਰੋਫੈਸਰ ਡਾ. ਤੇਜਿੰਦਰ ਕੁਮਾਰ ਵੀ ਮੌਜੂਦ ਸਨ।