ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 21 ਜਨਵਰੀ
ਭਾਰਤ ਲਈ ਆਸਟਰੇਲਿਆਈ ਹਾਈ ਕਮਿਸ਼ਨਰ ਬੈਰੀ ਓ’ ਫੈਰਲ ਏਓ ਨੇ ਅੱਜ ਮੁੱਖ ਸਕੱਤਰ ਪੰਜਾਬ ਵਿਨੀ ਮਹਾਜਨ ਨਾਲ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਲੰਘੇ ਕੱਲ੍ਹ ਪੰਜਾਬ ਵਿਚ ਆਪਣੇ ਪਹਿਲੇ ਦੌਰੇ ਦੀ ਸ਼ੁਰੂਆਤ ਕੀਤੀ ਸੀ। ਮੁੱਖ ਮੰਤਰੀ ਅਤੇ ਹਾਈ ਕਮਿਸ਼ਨਰ ਨੇ ਕੋਵਿਡ-19 ਤੋਂ ਬਾਅਦ ਆਰਥਿਕ ਵਿਕਾਸ ਨੂੰ ਮੁੜ ਲੀਹਾਂ ’ਤੇ ਲਿਆਉਣ, ਖੇਤੀਬਾੜੀ, ਪਾਣੀ ਅਤੇ ਸਿੱਖਿਆ ਦੇ ਖੇਤਰ ਵਿਚ ਪੰਜਾਬ ਤੇ ਆਸਟਰੇਲੀਆ ਦਰਮਿਆਨ ਆਰਥਿਕ ਸਹਿਯੋਗ ਵਿਚ ਵਾਧਾ ਕਰਨ ਅਤੇ ਆਪਸੀ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਬਾਰੇ ਵਿਚਾਰ ਚਰਚਾ ਕੀਤੀ। ਵਿਨੀ ਮਹਾਜਨ ਨੇ ਆਸਟਰੇਲੀਆ-ਭਾਰਤ ਸਿੱਖਿਆ ਸਬੰਧੀ ਭਾਈਵਾਲੀ ਬਾਰੇ ਚਾਨਣਾ ਪਾਇਆ ਅਤੇ ਭਾਰਤ ਵਿਚ ਕੈਂਪਸ ਸਥਾਪਤ ਕਰਨ ਵਿੱਚ ਦਿਲਚਸਪੀ ਰੱਖਣ ਵਾਲੀਆਂ ਆਸਟਰੇਲਿਆਈ ਯੂਨੀਵਰਸਟੀਆਂ ਲਈ ਮੁਹਾਲੀ ਨੂੰ ਇਕ ਆਦਰਸ਼ ਸਥਾਨ ਦੱਸਿਆ। ਉਨ੍ਹਾਂ ਪੇਸ਼ਕਸ਼ ਕੀਤੀ ਕਿ ਖੇਤੀਬਾੜੀ ਵਿਚ ਖੋਜ ਅਤੇ ਵਿਕਾਸ ਦੇ ਸਹਿਯੋਗ ਵਿਚ ਵਾਧਾ ਕੀਤਾ ਜਾ ਸਕਦਾ ਹੈ। ਸੂਬਾ ਸਰਕਾਰ ਵਲੋਂ ਆਸਟਰੇਲਿਆਈ ਸਰਕਾਰ ਨੂੰ ਖੇਤੀ-ਨਿਰਯਾਤ ਸਰਟੀਫਿਕੇਟ ਵਿਚ ਛੋਟ ਦੇਣ ਦੀ ਵੀ ਅਪੀਲ ਕੀਤੀ ਗਈ ਜਿਵੇਂ ਕਿ ਅਮਰੀਕਾ ਅਤੇ ਕੈਨੇਡਾ ਵੱਲੋਂ ਦਿੱਤੀ ਜਾਂਦੀ ਹੈ। ਆਸਟਰੇਲਿਆਈ ਕੰਪਨੀਆਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਲਈ ਸੱਦਾ ਵੀ ਦਿੱਤਾ ਗਿਆ। ਆਸਟਰੇਲਿਆਈ ਹਾਈ ਕਮਿਸ਼ਨਰ ਬੈਰੀ ਓ’ ਫੈਰਲ ਏਓ ਵਲੋਂ ਆਸਟਰੇਲਿਆਈ ਪੈਨਸ਼ਨ ਫੰਡਾਂ ਦੀ ਭਾਰਤੀ ਬੁਨਿਆਦੀ ਢਾਂਚੇ ਦੇ ਖੇਤਰ ਵਿੱਚ ਲੰਮੇ ਸਮੇਂ ਲਈ ਨਿਵੇਸ਼ ਕਰਨ ਸਬੰਧੀ ਦਿਲਚਸਪੀ ਜ਼ਾਹਰ ਕੀਤੀ ਗਈ। ਇਸੇ ਦੌਰੇ ਦੌਰਾਨ ਆਸਟਰੇਲੀਆ ਦੇ ਹਾਈ ਕਮਿਸ਼ਨਰ ਨੇ ਟਰਾਈਡੈਂਟ ਗਰੁੱਪ ਦੇ ਰਾਜਿੰਦਰ ਗੁਪਤਾ ਨਾਲ ਗੱਲਬਾਤ ਕੀਤੀ ਅਤੇ ਬਾਂਸਲ ਸਪਿਨਿੰਗ ਮਿੱਲ, ਸਾਹਨੇਵਾਲ ਦਾ ਦੌਰਾ ਕੀਤਾ ਜਿੱਥੇ ਕਿ ਆਸਟਰੇਲੀਆ ਦੀ ਮੈਰੀਨੋ ਉੱਨ ਤਿਆਰ ਕੀਤੀ ਜਾਂਦੀ ਹੈ।