ਕੁਲਦੀਪ ਸਿੰਘ
ਚੰਡੀਗੜ੍ਹ, 30 ਜੁਲਾਈ
ਮੁਲਾਜ਼ਮਾਂ ਦੀ ਪਟਿਆਲਾ ਮਹਾ ਰੈਲੀ ਦੌਰਾਨ ਸਰਕਾਰ ਵੱਲੋਂ ਦਿੱਤੇ ਗਏ ਸਮੇਂ ਮੁਤਾਬਕ ਅੱਜ ਕੈਬਨਿਟ ਸਬ-ਕਮੇਟੀ ਵੱਲੋਂ ਪੰਜਾਬ ਭਵਨ ਚੰਡੀਗੜ੍ਹ ਵਿੱਚ ਮੁਲਾਜ਼ਮ ਜਥੇਬੰਦੀਆਂ ਦੇ ਸਾਂਝੇ ਫਰੰਟ ਨਾਲ ਮੀਟਿੰਗ ਕੀਤੀ ਗਈ। ਮੁਲਾਜ਼ਮਾਂ ਨਾਲ ਵਿਚਾਰ-ਚਰਚਾ ਕਰਨ ਮਗਰੋਂ ਕੈਬਨਿਟ ਸਬ-ਕਮੇਟੀ ਨੇ ਤਿੰਨ ਅਗਸਤ ਨੂੰ ਆਪਣਾ ਫ਼ੈਸਲਾ ਦੇਣ ਲਈ ਆਖਿਆ ਹੈ। ਕੈਬਨਿਟ ਸਬ-ਕਮੇਟੀ ਵੱਲੋਂ ਚੇਅਰਮੈਨ ਬ੍ਰਹਮ ਮਹਿੰਦਰਾ, ਮੈਂਬਰ ਓਪੀ ਸੋਨੀ, ਬਲਬੀਰ ਸਿੰਘ ਸਿੱਧੂ ਅਤੇ ਸਾਧੂ ਸਿੰਘ ਧਰਮਸੋਤ ਸ਼ਾਮਲ ਹੋਏ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਗੈਰਹਾਜ਼ਰ ਰਹੇ। ਅਫ਼ਸਰ ਕਮੇਟੀ ਵੱਲੋਂ ਵਿੱਤ ਵਿਭਾਗ ਦੇ ਪ੍ਰਮੁੱਖ ਸਕੱਤਰ ਕੇ.ਏ.ਪੀ. ਸਿਨਹਾ, ਪ੍ਰਸੋਨਲ ਵਿਭਾਗ ਦੇ ਵਿਵੇਕ ਪ੍ਰਤਾਪ ਅਤੇ ਵਧੀਕ ਸਕੱਤਰ ਪ੍ਰਸੋਨਲ ਵਨੀਤ ਕੁਮਾਰ ਸ਼ਾਮਲ ਹੋਏ। ਮੁਲਾਜ਼ਮ ਆਗੂਆਂ ’ਚੋਂ ਸੁਖਚੈਨ ਸਿੰਘ ਖਹਿਰਾ, ਜਗਦੀਸ਼ ਸਿੰਘ ਚਾਹਲ, ਸਤੀਸ਼ ਰਾਣਾ, ਮੇਘ ਸਿੰਘ ਸਿੱਧੂ, ਕਰਮ ਸਿੰਘ ਧਨੋਆ ਜਰਮਨਜੀਤ ਸਿੰਘ, ਬਖ਼ਸ਼ੀਸ਼ ਸਿੰਘ, ਵਾਸਵੀਰ ਸਿੰਘ ਭੁੱਲਰ ਆਦਿ ਨੇ ਸਰਕਾਰੀ ਖਜ਼ਾਨੇ ਬਾਰੇ ਗੱਲਬਾਤ ਕੀਤੀ। ਪੰਜਾਬ ਡਰਾਈਵਰ ਅਤੇ ਟੈਕਨੀਕਲ ਐਂਪਲਾਈਜ਼ ਯੂਨੀਅਨ ਵੱਲੋਂ ਮੀਤ ਪ੍ਰਧਾਨ ਸੰਜੀਵ ਕੁਮਾਰ ਅਤੇ ਜਨਰਲ ਸਕੱਤਰ ਗੁਰਦੀਪ ਸਿੰਘ ਨੇ ਡਰਾਈਵਰਾਂ ਦੀਆਂ ਤਨਖਾਹਾਂ ਵਿਚਲੀਆਂ ਤਰੁਟੀਆਂ ਬਾਰੇ ਗੱਲ ਰੱਖੀ।
ਫਰੰਟ ਨੇ ਮੁਲਾਜ਼ਮਾਂ ਦੇ 2.25 ਦੇ ਗੁਣਾਂਕ ਨੂੰ ਮੁੱਢੋਂ ਨਕਾਰਦਿਆਂ ਕਿਹਾ ਹੈ ਕਿ ਸਰਕਾਰ ਮੁਲਾਜ਼ਮਾਂ ਵਿੱਚ ਪਾੜਾ ਵਧਾਉਣ ਵਾਲਾ ਕੰਮ ਕਰ ਰਹੀ ਹੈ ਕਿਉਂਕਿ ਦਰਜਾ-ਚਾਰ, ਤਿੰਨ ਤੇ ਦਰਜਾ-ਦੋ ਮੁਲਾਜ਼ਮਾਂ ਨੂੰ 2.25 ਦਾ ਤਨਖਾਹ ਗੁਣਾਂਕ ਦਿੱਤਾ ਜਾ ਰਿਹਾ ਹੈ ਜਦਕਿ ਉੱਚ ਅਧਿਕਰੀਆਂ ਨੂੰ 2.72 ਤਾ ਗੁਣਾਂਕ ਦੇਣ ਦੀ ਸਿਫਾਰਸ਼ ਕੀਤੀ ਗਈ ਹੈ।
ਤਿੰਨ ਸਾਲ ਤੋਂ ਕੰਮ ਕਰਦੇ ਜੰਗਲਾਤ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਐਲਾਨ
ਪਟਿਆਲਾ (ਗੁਰਨਾਮ ਸਿੰਘ ਅਕੀਦਾ): ਜੰਗਲਾਤ ਕਾਮਿਆਂ ਨਾਲ ਹੋਈ ਮੀਟਿੰਗ ਦੌਰਾਨ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਵਿਭਾਗ ਵਿਚ ਤਿੰਨ ਸਾਲਾਂ ਤੋਂ ਕੰਮ ਕਰਦੇ ਆ ਰਹੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਐਲਾਨ ਕੀਤਾ ਹੈ। ਜੰਗਲਾਤ ਕਾਮਿਆਂ ਨੇ ਦੱਸਿਆ ਕਿ ਅੱਜ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨਾਲ ਉਨ੍ਹਾਂ ਦੀ ਮੀਟਿੰਗ ਹੋਈ, ਜਿਸ ਦੌਰਾਨ ਉਨ੍ਹਾਂ ਦੀ ਵਿਸ਼ੇਸ਼ ਮੰਗ ਮੰਨ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਸੂਬਾ ਪ੍ਰਧਾਨ ਅਮਰੀਕ ਸਿੰਘ, ਜਨਰਲ ਸਕੱਤਰ ਜਸਵੀਰ ਸਿੰਘ ਸ਼ੀਰਾ, ਬਲਵੀਰ ਸਿੰਘ ਮੰਡੌਲੀ, ਖ਼ਜ਼ਾਨਚੀ ਸ਼ਿਵ ਕੁਮਾਰ ਅਤੇ ਹੋਰ ਮੰਡਲ ਪ੍ਰਧਾਨਾਂ ਦੀ ਅਗਵਾਈ ਹੇਠ ਅੱਜ ਮੰਤਰੀ ਨਾਲ ਮੀਟਿੰਗ ਦੌਰਾਨ ਜੰਗਲਾਤ ਵਿਭਾਗ ਪੰਜਾਬ ਵਿੱਚ ਕੰਮ ਕਰਦੇ ਡੇਲੀ ਵੇਜ ਵਰਕਰਾਂ ਦੀਆਂ ਮੁਸ਼ਕਲਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਪੰਜਾਬ ਦੀ ਸੀਨੀਆਰਤਾ ਸੂਚੀ ਫਾਈਨਲ ਕਰਨਾ, ਜੰਗਲਾਤ ਵਿਭਾਗ ਵਿੱਚ ਤਿੰਨ ਸਾਲ ਤੋਂ ਕੰਮ ਕਰਦੇ ਵਰਕਰਾਂ ਨੂੰ ਪੱਕੇ ਕਰਨਾ, ਵੱਖ-ਵੱਖ ਸਕੀਮਾਂ ਦੀਆਂ ਰੁਕੀਆਂ ਤਨਖ਼ਾਹਾਂ ਤੁਰੰਤ ਰਿਲੀਜ਼ ਕਰਨੀਆਂ, ਹਰ ਵਰਕਰ ਦਾ ਈਪੀਐੱਫ ਅਤੇ ਸੀਐੱਸਆਈ ਫੰਡ ਕੱਟਣਾ ਲਾਜ਼ਮੀ ਕਰਨਾ ਆਦਿ ਉਨ੍ਹਾਂ ਦੀਆਂ ਮੁੱਖ ਮੰਗਾਂ ਸਨ। ਇਨ੍ਹਾਂ ਮੰਗਾਂ ’ਤੇ ਮੰਤਰੀ ਨੇ ਸਹਿਮਤੀ ਦਿੰਦਿਆਂ ਜਥੇਬੰਦੀ ਨੂੰ ਵਿਸ਼ਵਾਸ ਦਿਵਾਇਆ ਕਿ ਮਹਿਕਮੇ ਵਿੱਚ ਤਿੰਨ ਸਾਲ ਤੋਂ ਸੇਵਾ ਕਰਨ ਵਾਲੇ ਵਰਕਰਾਂ ਨੂੰ ਪੱਕੇ ਕੀਤਾ ਜਾਵੇਗਾ ਅਤੇ ਤਨਖ਼ਾਹ ਹਰ ਮਹੀਨੇ ਦਿੱਤੀ ਜਾਵੇਗੀ।