ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 19 ਅਕਤੂਬਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਕਾਡਰ ਦੇ ਚਾਰ ਭਾਰਤੀ ਪੁਲੀਸ ਸੇਵਾਵਾਂ (ਆਈਪੀਐੱਸ) ਪ੍ਰੋਬੇਸ਼ਨਰੀ ਅਫਸਰਾਂ ਜਿਨ੍ਹਾਂ ਨੇ ਹਾਲ ਹੀ ਵਿੱਚ ਆਪਣੀ ਦੋ ਸਾਲਾਂ ਦੀ ਸਿਖਲਾਈ ਪੂਰੀ ਕੀਤੀ ਹੈ, ਦੇ ਨਵੇਂ ਬੈਚ ਨਾਲ ਪੰਜਾਬ ਸਿਵਲ ਸਕੱਤਰੇਤ ਸਥਿਤ ਆਪਣੇ ਦਫ਼ਤਰ ’ਚ ਮੀਟਿੰਗ ਕੀਤੀ। ਜਿਨ੍ਹਾਂ ਵਿੱਚ 2019 ਬੈੱਚ ਦੇ ਰਣਧੀਰ ਕੁਮਾਰ, 2020 ਬੈੱਚ ਦੇ ਦਰਪਨ ਆਹਲੂਵਾਲੀਆ, 2020 ਬੈੱਚ ਦੀ ਜਸਰੂਪ ਕੌਰ ਬਾਠ, 2020 ਬੈੱਚ ਦੇ ਆਦਿਤਿਆ ਐੱਸ ਵਾਰੀਅਰ ਸ਼ਾਮਲ ਹੋਏ। ਮੁੱਖ ਮੰਤਰੀ ਨੇ ਨੌਜਵਾਨ ਅਧਿਕਾਰੀਆਂ ਨੂੰ ਸੂਬੇ ਦੀ ਬਿਹਤਰੀ ਲਈ ਕੰਮ ਕਰਦਿਆਂ ਇਕ ਆਧੁਨਿਕ ਅਤੇ ਬਿਹਤਰ ਪੁਲਿਸਿੰਗ ਈਕੋ-ਸਿਸਟਮ ਬਣਾਉਣ ਦੀ ਹਿਦਾਇਤ ਦਿੱਤੀ। ਉਨ੍ਹਾਂ ਨੌਜਵਾਨ ਅਧਿਕਾਰੀਆਂ ਨੂੰ ਸਰਮਪਿਤ ਭਾਵਨਾ ਨਾਲ ਆਪਣੀਆਂ ਸੇਵਾਵਾਂ ਨਿਭਾਉਣ ਤੇ ਜ਼ਮੀਨੀ ਪੱਧਰ ’ਤੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਸਮਝਣ ਅਤੇ ਹੱਲ ਲਈ ਤਨਦੇਹੀ ਨਾਲ ਕੰਮ ਕਰਨ ਦੀ ਅਪੀਲ ਕੀਤੀ।