ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 26 ਅਕਤੂਬਰ
ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਤੋਂ ਇਟਲੀ ਅਤੇ ਹੋਰਨਾਂ ਮੁਲਕਾਂ ਨਾਲ ਅੰਤਰਰਾਸ਼ਟਰੀ ਹਵਾਈ ਸੰਪਰਕ ਨੂੰ ਹੁਲਾਰਾ ਦੇਣ ਦੇ ਯਤਨਾਂ ਤਹਿਤ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਨੇ ਇਟਲੀ ਦੇ ਮਿਲਾਨ ਬਰਗਾਮੋ ਹਵਾਈ ਅੱਡੇ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਅੰਮ੍ਰਿਤਸਰ ਤੋਂ ਭਾਰਤੀ ਇਕਾਈ ਦੇ ਕਨਵੀਨਰ ਯੋਗੇਸ਼ ਕਾਮਰਾ ਅਤੇ ਮੈਂਬਰ ਰਵਰੀਤ ਸਿੰਘ, ਅਮਰੀਕਾ ਤੋਂ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਅਤੇ ਕੈਨੇਡਾ ਤੋਂ ਮੁੱਖ ਬੁਲਾਰੇ ਮੋਹਿਤ ਧੰਜੂ ਨੇ ਦੋਵਾਂ ਸ਼ਹਿਰਾਂ ਵਿਚਕਾਰ ਹਵਾਈ ਸੰਪਰਕ ਸਥਾਪਤ ਕਰਨ ਸਬੰਧੀ ਮਿਲਾਨ ਏਅਰਪੋਰਟ ਦੇ ਵਪਾਰਕ ਮਾਮਲਿਆਂ ਦੇ ਡਾਇਰੈਕਟਰ ਗੀਆਕੋਮੋ ਕੈਟਾਨਿਓ ਨਾਲ ਗੱਲਬਾਤ ਕੀਤੀ। ਯੋਗੇਸ਼ ਕਾਮਰਾ ਨੇ ਦੱਸਿਆ ਕਿ ਇਸ ਮੀਟਿੰਗ ਦੌਰਾਨ ਭਾਰਤ ਅਤੇ ਇਟਲੀ ਦਰਮਿਆਨ ਦੁਵੱਲੇ ਹਵਾਈ ਸੇਵਾ ਸਮਝੌਤਿਆਂ ’ਤੇ ਚਰਚਾ ਹੋਈ। ਇਸ ਮੌਕੇ ਦੋਵਾਂ ਪਾਸਿਆਂ ਤੋਂ ਕਿੰਨੀਆਂ ਸਵਾਰੀਆਂ ਆਉਣ ਤੇ ਵੱਖ-ਵੱਖ ਏਅਰਲਾਈਨਾਂ ਨੂੰ ਸੱਦਾ ਦੇਣ ਦੇ ਮੁੱਦਿਆਂ ’ਤੇ ਚਰਚਾ ਕੀਤੀ ਗਈ। ਇਸ ਮੌਕੇ ਅਧਿਕਾਰੀਆਂ ਨੇ ਪੰਜਾਬ ਅਤੇ ਇਟਲੀ ਦਰਮਿਆਨ ਹਵਾਈ ਸੰਪਰਕ ਬਣਾਉਣ ਅਤੇ ਪੰਜਾਬੀਆਂ ਤਕ ਜਾਣਕਾਰੀ ਪੁਹੰਚਾਉਣ ਸਬੰਧੀ ਮਿਲ ਕੇ ਕੰਮ ਕਰਨ ਲਈ ਸਹਿਮਤੀ ਜਤਾਈ। ਅੰਕੜਿਆਂ ਅਨੁਸਾਰ ਮਈ ਨੂੰ ਛੱਡ ਕੇ, ਜਨਵਰੀ ਤੋਂ ਅਗਸਤ 2022 ਵਿਚਾਲੇ 20,000 ਤੋਂ ਵੱਧ ਯਾਤਰੀਆਂ ਨੇ ਅੰਮ੍ਰਿਤਸਰ ਅਤੇ ਮਿਲਾਨ ਬਰਗਾਮੋ ਹਵਾਈ ਅੱਡੇ ਵਿਚਕਾਰ ਯਾਤਰਾ ਕੀਤੀ ਹੈ। ਇਨ੍ਹਾਂ ਅੰਕੜਿਆਂ ਵਿੱਚ ਅੰਮ੍ਰਿਤਸਰ ਤੋਂ ਰੋਮ ਅਤੇ ਮਿਲਾਨ ਮਾਲਪੈਂਸਾ ਹਵਾਈ ਅੱਡੇ ਦੇ ਯਾਤਰੀ ਸ਼ਾਮਲ ਨਹੀਂ ਹਨ। ਇਸ ਵੇਲੇ ਸਪਾਈਸਜੈੱਟ ਅਤੇ ਇਟਲੀ ਦੀ ਨਿਓਸ ਏਅਰ ਅੰਮ੍ਰਿਤਸਰ ਤੋਂ ਮਿਲਾਨ ਅਤੇ ਰੋਮ ਲਈ ਉਡਾਣਾਂ ਭਰ ਰਹੀ ਹੈ।