ਪੱਤਰ ਪ੍ਰੇਰਕ
ਬਸੀ ਪਠਾਣਾਂ, 17 ਜੁਲਾਈ
ਮਨਦੀਪ ਸਿੰਘ ਚੀਮਾਂ ਚੈਰੀਟੇਬਲ ਫਾਊਂਡੇਸ਼ਨ ਇੰਡੀਆ ਦੇ ਚੇਅਰਮੈਨ ਐੱਨਆਰਆਈ ਭੁਪਿੰਦਰ ਸਿੰਘ ਚੀਮਾ ਨੇ ਕਿਹਾ ਕਿ ਜੋ ਡਾਕਟਰ ਅਤੇ ਸਿਹਤ ਕਰਮਚਾਰੀ ਮਹਾਂਮਾਰੀ ਦੌਰਾਨ ਲੋਕਾਂ ਦੀ ਜਾਨ ਬਚਾਉਣ ਲਈ ਫਰੰਟ ਲਾਈਨ ’ਤੇ ਲੜ ਰਹੇ ਹਨ ਉਨ੍ਹਾਂ ਦਾ ਸਨਮਾਨ ਸੰਸਥਾ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਾਣਕਾਰੀ ਮਿਲੀ ਸੀ ਕਿ ਮੁੱਢਲਾ ਸਿਹਤ ਕੇਂਦਰ ਨੰਦਪੁਰ ਕਲੌੜ ਦੇ ਐੱਸਐੱਮਓ ਡਾ. ਮਨੋਹਰ ਸਿੰਘ ਤੇ ਹੋਰ ਕਰਮਚਾਰੀ ਕਰੋਨਾ ਮਹਾਮਾਰੀ ਦੌਰਾਨ ਰਾਤ ਨੂੰ ਵੀ ਫੀਲਡ ਵਿੱਚ ਸੇਵਾਵਾਂ ਨਿਭਾਅ ਰਹੇ ਹਨ। ਬੀਤੀ ਰਾਤ ਜਦੋਂ ਪਿੰਡ ਮਹਿਮਦਪੁਰ ਦਾ ਵਿਅਕਤੀ ਪਾਜ਼ੇਟਿਵ ਪਾਇਆ ਗਿਆ ਤਾਂ ਰਾਤ ਨੂੰ ਹੀ ਉਸ ਦੇ ਸੰਪਰਕ ਵਿੱਚ ਆਏ 25 ਵਿਅਕਤੀਆਂ ਦੀ ਪਛਾਣ ਕਰਕੇ ਡਾ. ਮਨੋਹਰ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਇਕਾਂਤਵਾਸ ਕੀਤਾ ਤੇ ਚੁੰਨੀ ਕਲਾਂ ਦੇ ਕਰੋਨਾ ਪਾਜ਼ੇਟਿਵ ਵਿਅਕਤੀ ਨੂੰ ਰਾਤ ਵੇਲੇ ਹੀ ਹਸਪਤਾਲ ਭੇਜਿਆ ਗਿਆ।