ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 2 ਮਈ
ਗੁਰੂ ਗ੍ਰੰਥ ਸਾਹਿਬ ਵਿੱਚ ਗੁਰਬਾਣੀ ਨਾਲ ਛੇੜਛਾੜ ਦੇ ਮਾਮਲੇ ’ਤੇ ਚਰਚਾ ਲਈ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਪੰਥਕ ਤੇ ਸਿੱਖ ਜਥੇਬੰਦੀਆਂ ਦੀ ਸੱਦੀ ਗਈ ਮੀਟਿੰਗ 3 ਮਈ ਨੂੰ ਸ੍ਰੀ ਅਕਾਲ ਤਖ਼ਤ ਦੇ ਜ਼ਮੀਨਦੋਜ਼ ਹਾਲ ਵਿੱਚ ਹੋਵੇਗੀ। ਮੀਟਿੰਗ ਵਿੱਚ ਅਮਰੀਕਾ ਵਾਸੀ ਸਿੱਖ ਵਿਅਕਤੀ ਥਮਿੰਦਰ ਸਿੰਘ ਅਨੰਦ ਵੱਲੋਂ ਬਿਨਾਂ ਪ੍ਰਵਾਨਗੀ ਸਰੂਪ ਛਾਪਣ ਅਤੇ ਉਸ ਵਿੱਚ ਲਗਾਂ ਮਾਤਰਾ ਸ਼ਾਮਲ ਕਰਨ ਦਾ ਮਾਮਲਾ ਵਿਚਾਰਿਆ ਜਾਵੇਗਾ। ਇਹ ਮਾਮਲਾ ਪਿਛਲੇ ਦਿਨੀਂ ਉਕਤ ਵਿਅਕਤੀ ਵੱਲੋਂ ਛਾਪਿਆ ਗਿਆ ਸਰੂਪ ਆਪਣੀ ਇੱਕ ਵੈੱਬਸਾਈਟ ਸਿੱਖ ਬੁਕ ਕਲੱਬ ਡਾਟ ਕਾਮ ’ਤੇ ਅਪਲੋਡ ਕਰਨ ਮਗਰੋਂ ਸਾਹਮਣੇ ਆਇਆ ਸੀ। ਮਾਮਲੇ ਦਾ ਨੋਟਿਸ ਲੈਂਦਿਆਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਜਾਂਚ ਕਮੇਟੀ ਵੀ ਬਣਾਈ ਸੀ, ਜਿਸ ਵੱਲੋਂ ਆਪਣੀ ਰਿਪੋਰਟ ਸੌਂਪ ਦਿੱਤੀ ਗਈ ਹੈ। ਇਸ ਮਗਰੋਂ ਸ੍ਰੀ ਅਕਾਲ ਤਖ਼ਤ ਵੱਲੋਂ ਅਮਰੀਕਾ ਵਾਸੀ ਥਮਿੰਦਰ ਸਿੰਘ ਅਨੰਦ ਕੋਲੋਂ ਇਸ ਮਾਮਲੇ ਵਿੱਚ ਸਪੱਸ਼ਟੀਕਰਨ ਵੀ ਮੰਗਿਆ ਗਿਆ ਸੀ। ਮਿਲੇ ਵੇਰਵਿਆਂ ਮੁਤਾਬਕ ਇਸ ਸਬੰਧੀ ਸਪੱਸ਼ਟੀਕਰਨ ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਕੋਲ ਪੁੱਜਾ ਹੈ।
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਨੇ ਦੱਸਿਆ ਕਿ ਮੀਟਿੰਗ ਸਵੇਰੇ 10 ਵਜੇ ਸ੍ਰੀ ਅਕਾਲ ਤਖ਼ਤ ਦੇ ਜ਼ਮੀਨਦੋਜ਼ ਹਾਲ ਵਿੱਚ ਹੋਵੇਗੀ, ਜਿਸ ’ਚ ਵੱਖ ਵੱਖ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਤੇ ਵਿਦਵਾਨ ਸ਼ਾਮਲ ਹੋਣਗੇ ਤੇ ਗੁਰਬਾਣੀ ਨਾਲ ਛੇੜਛਾੜ ਮਾਮਲੇ ’ਤੇ ਵਿਚਾਰ ਚਰਚਾ ਹੋਵੇਗੀ। ਮਿਲੇ ਵੇਰਵਿਆਂ ਮੁਤਾਬਕ ਇਸ ਮੀਟਿੰਗ ਵਿਚ ਸਾਹਮਣੇ ਆਏ ਵਿਚਾਰਾਂ ਤੇ ਸੁਝਾਵਾਂ ਦੀ ਰੌਸ਼ਨੀ ’ਚ ਹੀ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਅਮਰੀਕਾ ਵਾਸੀ ਸਿੱਖ ਵਿਅਕਤੀ ਦੇ ਮਾਮਲੇ ’ਚ ਅਗਲੇਰੀ ਕਾਰਵਾਈ ਬਾਰੇ ਵਿਚਾਰ ਕੀਤਾ ਜਾਵੇਗਾ। ਇਸ ਸਬੰਧੀ ਅਗਲਾ ਫ਼ੈਸਲਾ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ’ਚ ਲਏ ਜਾਣ ਦੀ ਸੰਭਾਵਨਾ ਹੈ।
ਇਸੇ ਦੌਰਾਨ ਅਮਰੀਕਾ ਵਾਸੀ ਥਮਿੰਦਰ ਸਿੰਘ ਅਨੰਦ ਦੇ ਨਾਮ ’ਤੇ ਆਏ ਈਮੇਲ ਸੁਨੇਹਿਆਂ ਵਿੱਚ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੇ ਮਸਲਿਆਂ ਪ੍ਰਤੀ ਚਿੰਤਤ ਨਹੀਂ ਹੈ। ਉਨ੍ਹਾਂ ਕਿਹਾ ਕਿ ਪਾਵਨ ਸਰੂਪ ਵਿੱਚ ਛਪਾਈ ਸਮੇਂ ਹੋਈਆਂ ਗ਼ਲਤੀਆਂ ਨੂੰ ਸੁਧਾਰਨ ਲਈ ਕਈ ਕਮੇਟੀਆਂ ਬਣੀਆਂ ਹਨ ਪਰ ਇਨ੍ਹਾਂ ਕਮੇਟੀਆਂ ਦੀਆਂ ਸਿਫ਼ਾਰਸ਼ਾਂ ਨੂੰ ਕਦੇ ਲਾਗੂ ਨਹੀਂ ਕੀਤਾ ਗਿਆ। ਉਨ੍ਹਾਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਆਖਿਆ ਕਿ ਉਹ ਸਿੱਖ ਭਾਈਚਾਰੇ ਨੂੰ ਦੱਸਣ ਕਿ ਸ਼੍ਰੋਮਣੀ ਕਮੇਟੀ ਵੱਲੋਂ ਪਾਵਨ ਸਰੂਪ ਦੀ ਛਪਾਈ ਸ਼ੁਰੂ ਕਰਨ ਸਮੇਂ ਕਿਹੜੇ ਹੱਥ ਲਿਖਤ ਸਰੂਪ ਦੀ ਪਾਲਣਾ ਕੀਤੀ ਗਈ ਸੀ।