ਕਰਮਜੀਤ ਸਿੰਘ ਚਿੱਲਾ
ਐੱਸ.ਏ.ਐੱਸ.ਨਗਰ(ਮੁਹਾਲੀ), 13 ਜੁਲਾਈ
ਅਫ਼ਸਰਜ਼ ਅਤੇ ਬੀਡੀਪੀਓਜ਼ ਯੂਨੀਅਨਾਂ ਦੇ ਛੇ ਮੈਂਬਰੀ ਵਫ਼ਦ ਨਾਲ ਅੱਜ ਸਥਾਨਕ ਸਰਕਾਰਾਂ ਮੰਤਰੀ ਬ੍ਰਹਮ ਮਹਿੰਦਰਾ ਨੇ ਆਪਣੀ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਯੂਨੀਅਨਾਂ ਦੇ ਬੁਲਾਰੇ ਸੁਖਚੈਨ ਸਿੰਘ ਨੇ ਦੱਸਿਆ ਕਿ ਅੱਧਾ ਘੰਟਾ ਚੱਲੀ ਮੀਟਿੰਗ ਵਿੱਚ ਸਾਰੇ ਪੱਖਾਂ ਨੂੰ ਵਿਚਾਰਿਆ ਗਿਆ। ਉਨ੍ਹਾਂ ਕਿਹਾ ਕਿ ਮਹਿੰਦਰਾ ਨੇ ਉਨ੍ਹਾਂ ਦੀ ਮੰਗ ਮੰਤਰੀਆਂ ਦੇ ਸਮੂਹ ਨਾਲ ਵਿਚਾਰਨ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੰਗ ਦੀ ਪੂਰਤੀ ਤੱਕ ਹੜਤਾਲ ਜਾਰੀ ਰਹੇਗੀ। ਇਸੇ ਦੌਰਾਨ ਈ-ਪੰਚਾਇਤ ਕੰਪਿਊਟਰ ਅਪਰੇਟਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਜਤਿੰਦਰ ਸਿੰਘ ਨੇ ਇੱਕ ਬਿਆਨ ਰਾਹੀਂ ਪੰਚਾਇਤ ਵਿਭਾਗ ਦੇ ਅਫ਼ਸਰਾਂ ਦੀ ਹੜਤਾਲ ਦੀ ਹਮਾਇਤ ਦਾ ਐਲਾਨ ਕੀਤਾ ਹੈ।
ਉਥੇ ਹੀ ਪੰਚਾਇਤ ਵਿਭਾਗ ਦੀਆਂ ਤਿੰਨ ਡਿਵੀਜ਼ਨਾਂ, ਜ਼ਿਲ੍ਹਾ ਅਤੇ ਬਲਾਕ ਪੱਧਰ ਉੱਤੇ ਸਮੁੱਚੇ ਅਧਿਕਾਰੀਆਂ ਵੱਲੋਂ ਅਣਮਿੱਥੇ ਸਮੇਂ ਦੀ ਹੜਤਾਲ ਕਾਰਨ ਸੂਬੇ ਭਰ ਵਿੱਚ ਵਿਭਾਗ ਦਾ ਕੰਮ ਠੱਪ ਰਿਹਾ। ਵਿਭਾਗ ਦੇ ਜ਼ਿਲ੍ਹਾ ਅਤੇ ਡਿਵੀਜ਼ਨਾਂ ਦੇ ਅਧਿਕਾਰੀਆਂ ਵੱਲੋਂ ਇੱਥੋਂ ਦੇ ਫੇਜ਼ ਅੱਠ ਵਿਚਲੇ ਮੁੱਖ ਦਫ਼ਤਰ ਵਿਕਾਸ ਭਵਨ ਵਿੱਚ ਅਤੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰਾਂ ਵੱਲੋਂ ਜ਼ਿਲ੍ਹਾ ਪੱਧਰ ਉੱਤੇ ਧਰਨੇ ਦਿੱਤੇ ਜਾ ਰਹੇ ਹਨ।
ਧਰਨੇ ਨੂੰ ਸੰਬੋਧਨ ਕਰਦਿਆਂ ਅਫ਼ਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਅਵਤਾਰ ਸਿੰਘ ਭੁੱਲਰ, ਵਧੀਕ ਡਾਇਰੈਕਟਰ ਰਾਮਿੰਦਰ ਕੌਰ ਬੁੱਟਰ, ਡਿਵੀਜ਼ਨਲ ਡਿਪਟੀ ਡਾਇਰੈਕਟਰ ਜਗਵਿੰਦਰਜੀਤ ਸਿੰਘ ਸੰਧੂ, ਡੀਡੀਪੀਓ ਸੁਖਚੈਨ ਸਿੰਘ ਨੇ ਪੰਜਾਬ ਸਰਕਾਰ ਅਤੇ ਛੇਵੇਂ ਤਨਖਾਹ ਕਮਿਸ਼ਨ ਉੱਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨਾਲ ਬੇਇਨਸਾਫ਼ੀ ਦਾ ਦੋਸ਼ ਲਾਇਆ ਹੈ।