ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 24 ਅਪਰੈਲ
ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਦੇ ਅਹੁਦੇ ਲਈ ਚੋਣ ਅੱਠ ਮਈ ਨੂੰ ਹੋਵੇਗੀ ਅਤੇ ਇਹ ਚੋਣ ਵੋਟ ਪਰਚੀ ਦੀ ਥਾਂ ਹੱਥ ਖੜ੍ਹੇ ਕਰਨ ਦੀ ਵਿਧੀ ਨਾਲ ਕਰਵਾਈ ਜਾਵੇਗੀ। ਇਹ ਫ਼ੈਸਲਾ ਅੱਜ ਦੀਵਾਨ ਦੇ ਜਨਰਲ ਹਾਊਸ ਦੀ ਮੀਟਿੰਗ ਵਿੱਚ ਲਿਆ ਗਿਆ ਹੈ। ਦੀਵਾਨ ਵੱਲੋਂ ਅੱਜ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜਨਰਲ ਹਾਊਸ ਦੀ ਮੀਟਿੰਗ ਕੀਤੀ ਗਈ। ਆਨਰੇਰੀ ਸਕੱਤਰ ਅਜੀਤ ਸਿੰਘ ਬਸਰਾ ਨੇ ਸਪੱਸ਼ਟ ਕੀਤਾ ਕਿ ਸਾਬਕਾ ਪ੍ਰਧਾਨ ਨਿਰਮਲ ਸਿੰਘ ਦੇ ਅਕਾਲ ਚਲਾਣਾ ਕਰ ਜਾਣ ਕਰਕੇ ਪ੍ਰਧਾਨ ਦੀ ਖਾਲੀ ਥਾਂ ਸੰਸਥਾ ਦੇ ਸੰਵਿਧਾਨ ਅਨੁਸਾਰ 60 ਦਿਨਾਂ ਵਿੱਚ ਪੂਰੀ ਕਰਨੀ ਲਾਜ਼ਮੀ ਹੈ ਪਰ ਚੋਣ ਪ੍ਰਕਿਰਿਆ ਦਾ ਸਮਾਂ ਲੰਮਾ ਹੋਣ ਕਰਕੇ ਕਾਰਜਸਾਧਕ ਕਮੇਟੀ ਨੇ ਰਹਿੰਦੇ ਸਮੇਂ ਲਈ 8 ਮਈ ਨੂੰ ਚੋਣ ਕਰਵਾਉਣ ਦਾ ਫ਼ੈਸਲਾ ਲਿਆ ਹੈ।