ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 5 ਦਸੰਬਰ
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਨਸ਼ਿਆਂ ਦੇ ਝੂਠੇ ਕੇਸ ਵਿਚ ਫਸਾਉਣ ਦੀ ਸਾਜ਼ਿਸ਼ ਰਚੀ ਗਈ ਹੈ ਤੇ ਇਸ ਵਾਸਤੇ ਉਨ੍ਹਾਂ ਖ਼ਿਲਾਫ਼ ਇੱਕ ਮਨਘੜਤ ਬਿਆਨ ਧਾਰਾ 164 ਸੀਆਰਪੀਸੀ ਵਿੱਚ ਦਰਜ ਕਰਵਾਇਆ ਜਾ ਰਿਹਾ ਹੈ ਤੇ ਇਸ ਯੋਜਨਾ ਨੂੰ ਸਿਰੇ ਚੜ੍ਹਾਉਣ ਲਈ ਕੱਲ੍ਹ ਦਿੱਲੀ ਵਿਚ ਇੱਕ ਮੀਟਿੰਗ ਵੀ ਕੀਤੀ ਗਈ ਹੈ| ਡਾ. ਚੀਮਾ ਨੇ ਕਿਹਾ ਕਿ ਸਾਜ਼ਿਸ਼ ਦਾ ਪੱਧਰ ਇੱਥੋਂ ਹੀ ਸਮਝਿਆ ਜਾ ਸਕਦਾ ਹੈ ਕਿ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਹੈਲੀਕਾਪਟਰ ਵਿੱਚ ਦਿੱਲੀ ਰਵਾਨਾ ਹੋਏ ਤੇ ਉਨ੍ਹਾਂ ਨਾਲ ਕਾਂਗਰਸ ਦੇ ਵਿਧਾਇਕ ਕੁਲਬੀਰ ਜ਼ੀਰਾ, ਡੀਜੀਪੀ ਆਈਪੀਐੱਸ ਸਹੋਤਾ, ਵਿਜੀਲੈਂਸ ਮੁਖੀ ਹਰਪ੍ਰੀਤ ਸਿੱਧੂ ਤੇ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਮੁਖੀ ਐਸਕੇ ਅਸਥਾਨਾ ਵੀ ਸਨ| ਉਨ੍ਹਾਂ ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਕਾਂਗਰਸ ਹਾਈ ਕਮਾਂਡ ਤੋਂ ਉਨ੍ਹਾਂ ਨੂੰ ਮਿਲੀਆਂ ਹਦਾਇਤਾਂ ਬਾਰੇ ਦੱਸਿਆ|