ਸ਼ਾਹਕੋਟ: ਐੱਸਐੱਸਪੀ ਜਲੰਧਰ (ਦਿਹਾਤੀ) ਸਵਰਨਦੀਪ ਸਿੰਘ ਨੇ ਡੀਐੱਸਪੀ ਦਫ਼ਤਰ ਸ਼ਾਹਕੋਟ ਵਿੱਚ ਅੱਜ ਮਰਹੂਮ ਕੌਮਾਂਤਰੀ ਕਬੱਡੀ ਖਿਡਾਰੀ ਸੰਦੀਪ ਨਲ ਅੰਬੀਆਂ ਦੇ ਭਰਾ ਅੰਗਰੇਜ਼ ਸਿੰਘ ਨਾਲ ਮੁਲਾਕਾਤ ਕਰਕੇ ਪਿਛਲੇ ਕਈ ਦਿਨਾਂ ਤੋਂ ਉਸ ਨੂੰ ਮਿਲ ਰਹੀਆਂ ਧਮਕੀਆਂ ਬਾਰੇ ਜਾਣਕਾਰੀ ਹਾਸਲ ਕੀਤੀ। ਕਰੀਬ ਅੱਧਾ ਘੰਟਾ ਚੱਲੀ ਇਸ ਮੀਟਿੰਗ ਵਿੱਚ ਐੱਸਐੱਸਪੀ ਨੇ ਮਰਹੂਮ ਦੇ ਭਰਾ ਤੋਂ ਧਮਕੀਆਂ ਸਬੰਘੀ ਜਾਣਕਾਰੀ ਲਈ ਤੇ ਛੇਤੀ ਹੀ ਇਸ ਮਾਮਲੇ ਵਿੱਚ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਡੀਐੱਸਪੀ ਸ਼ਾਹਕੋਟ ਗੁਰਪ੍ਰੀਤ ਸਿੰਘ ਗਿੱਲ ਕੋਲੋਂ ਇਲਾਕੇ ਦੀ ਅਮਨ ਕਾਨੂੰਨ ਦੀ ਸਥਿਤੀ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ ਮਹਿਤਪੁਰ ਵਿੱਚ ਵਾਪਰੀ ਬੇਅਦਬੀ ਦੀ ਘਟਨਾ ਦੀ ਮੁਲਜ਼ਮ ਔਰਤ ਗ੍ਰਿਫ਼ਤਾਰ ਕਰ ਲਈ ਗਈ ਹੈ। ਇਸ ਦੌਰੇ ਨੂੰ ਉਨ੍ਹਾਂ ਰੂਟੀਨ ਦੀ ਚੈਕਿੰਗ ਦੱਸਦਿਆਂ ਕਿਹਾ ਕਿ ਜ਼ਿਲ੍ਹੇ ’ਚ ਕਿਸੇ ਵੀ ਅਪਰਾਧੀ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ। -ਪੱਤਰ ਪ੍ਰੇਰਕ