ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 25 ਸਤੰਬਰ
ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਇੰਗਲੈਂਡ ਖ਼ਿਲਾਫ਼ ਇਕ ਰੋਜ਼ਾ ਮੈਚਾਂ ਦੀ ਲੜੀ ਜਿੱਤਣ ’ਤੇ ਵਧਾਈ ਦਿੱਤੀ ਹੈ। ਖੇਡ ਮੰਤਰੀ ਨੇ ਕਿਹਾ ਕਿ ਭਾਰਤੀ ਮਹਿਲਾ ਟੀਮ ਨੇ 23 ਸਾਲ ਬਾਅਦ ਇੰਗਲੈਂਡ ਵਿੱਚ ਲੜੀ ਜਿੱਤੀ ਹੈ ਤੇ ਭਾਰਤੀ ਟੀਮ ਨੇ 3-0 ਨਾਲ ਵੱਡੀ ਜਿੱਤ ਹਾਸਲ ਕਰਕੇ ਇਸ ਜਿੱਤ ਨੂੰ ਹੋਰ ਵੀ ਯਾਦਗਾਰ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਜ ਕੌਮਾਂਤਰੀ ਧੀ ਦਿਵਸ ਹੈ ਅਤੇ ਉਨ੍ਹਾਂ ਖਿਡਾਰਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਦੇ ਖੇਤਰ ਵਿੱਚ ਸਾਡੀਆਂ ਕੁੜੀਆਂ ਵਿਲੱਖਣ ਛਾਪ ਛੱਡ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਕਪਤਾਨ ਹਰਮਨਪ੍ਰੀਤ ਕੌਰ ਤੇ ਹਰਲੀਨ ਕੌਰ ਦਿਓਲ ਟੀਮ ਦਾ ਅਹਿਮ ਹਿੱਸਾ ਹਨ।