ਸ਼ਗਨ ਕਟਾਰੀਆ
ਬਠਿੰਡਾ, 3 ਜਨਵਰੀ
ਆਮ ਆਦਮੀ ਪਾਰਟੀ ਦੀ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਅਤੇ ਤਰਜ਼ਮਾਨ ਅਮਰਜੀਤ ਮਹਿਤਾ ਨੇ ਇੱਥੇ ਕਿਹਾ ਕਿ ‘ਆਪ’ ਦੀ ਸਰਕਾਰ ਬਣਨ ’ਤੇ ਪੰਜਾਬ ਦੇ ਪਿੰਡਾਂ, ਸ਼ਹਿਰਾਂ ’ਚ ਕੰਮ ਕਰ ਰਹੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਵਿਸ਼ੇਸ਼ ਮੈਡੀਕਲ ਸਿਖਲਾਈ ਦਿੱਤੀ ਜਾਵੇਗੀ ਤਾਂ ਜੋ ਗਰੀਬ ਅਤੇ ਲੋੜਵੰਦਾਂ ਲਈ ਸਸਤੇ ਇਲਾਜ ਦੀ ਸਹੂਲਤ ਜਾਰੀ ਰਹਿ ਸਕੇ ਅਤੇ ਪ੍ਰੈਕਟੀਸ਼ਨਰ ਵੀ ਬੇਖ਼ੌਫ਼ ਹੋ ਕੇ ਆਪਣੀਆਂ ਸੇਵਾਵਾਂ ਦੇ ਸਕਣ।
ਉਨ੍ਹਾਂ ਕਿਹਾ ਕਿ 2012 ਵਿੱਚ ਅਕਾਲੀ-ਭਾਜਪਾ ਗੱਠਜੋੜ ਸਰਕਾਰ ਅਤੇ 2017 ’ਚ ਕਾਂਗਰਸ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ ਦੀ ਮਦ ਨੰਬਰ 16 ਵਿੱਚ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਰਜਿਸਟਰਡ ਕਰਨ ਅਤੇ ਡਾਕਟਰੀ ਸੇਵਾਵਾਂ ਜਾਰੀ ਰੱਖਣ ਦਾ ਵਾਅਦਾ ਕੀਤਾ ਸੀ, ਜੋ ਅੱਜ ਤੱਕ ਪੂਰਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਕਾਂਗਰਸ, ਅਕਾਲੀ ਦਲ ਤੇ ਭਾਜਪਾ ਨੇ ਨਿੱਜੀ ਹਸਪਤਾਲਾਂ ਨੂੰ ਉਤਸ਼ਾਹਿਤ ਕਰ ਕੇ ਲੋਕਾਂ ਕੋਲੋਂ ਸਸਤੇ ਅਤੇ ਚੰਗੇ ਇਲਾਜ ਦਾ ਹੱਕ ਖੋਹ ਲਿਆ। ਪੰਜਾਬ ’ਚ ਕਰੀਬ 1.20 ਲੱਖ ਪ੍ਰੈਕਟੀਸ਼ਨਰ ਸੇਵਾਵਾਂ ਦੇ ਰਹੇ ਹਨ।
ਗੁਲਾਬੀ ਸੁੰਡੀ ਦੇ ਹਮਲੇ ਕਾਰਨ ਨੁਕਸਾਨੀ ਗਈ ਨਰਮੇ ਦੀ ਫ਼ਸਲ ਦਾ ਮੁਆਵਜ਼ਾ ਮਿਲਣ ’ਚ ਹੋ ਰਹੀ ਦੇਰੀ ਸਬੰਧੀ ਉਨ੍ਹਾਂ ਚੰਨੀ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਕੀਤੇ ਦਾਅਵੇ ਹਰ ਖੇਤਰ ’ਚ ਖੋਖਲੇ ਸਾਬਤ ਹੋ ਰਹੇ ਹਨ। ਇਸ ਮੌਕੇ ਬਠਿੰਡਾ (ਸ਼ਹਿਰੀ) ਹਲਕੇ ਤੋਂ ਚੋਣ ਲੜ ਰਹੇ ਉਮੀਦਵਾਰ ਜਗਰੂਪ ਸਿੰਘ ਗਿੱਲ, ਲੋਕ ਸਭਾ ਹਲਕਾ ਇੰਚਾਰਜ ਰਾਕੇਸ਼ ਪੁਰੀ, ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਨੀਲ ਗਰਗ, ਜ਼ਿਲ੍ਹਾ ਪ੍ਰਧਾਨ (ਦਿਹਾਤੀ) ਗੁਰਜੰਟ ਸਿੰਘ ਸਿਵੀਆਂ ਤੇ ਹੋਰ ਆਗੂ ਹਾਜ਼ਰ ਸਨ।