ਟ੍ਰਿਬਿਊਨ ਨਿਊਜ਼ ਸਰਵਿਸ/ਪੱਤਰ ਪ੍ਰੇਰਕ
ਚੰਡੀਗੜ੍ਹ/ਦਸੂਹਾ, 1 ਨਵੰਬਰ
ਇਥੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਸਿਵਲ ਹਸਪਤਾਲ ਦਸੂਹਾ ਦੇ ਮੈਡੀਕਲ ਅਫਸਰ (ਸਰਜਰੀ) ਡਾ. ਰਣਜੀਤ ਸਿੰਘ ਰਾਣਾ ਨੂੰ ਰਿਸ਼ਵਤ ਮੰਗਣ ਦੇ ਦੋਸ਼ ਹੇਠ ਮੁਅੱਤਲ ਕਰ ਦਿੱਤਾ ਗਿਆ ਹੈ। ਡਾਕਟਰ ਰਣਜੀਤ ਸਿੰਘ ਵੱਲੋਂ ਇਕ ਮਹਿਲਾ ਮਰੀਜ਼ ਦੇ ਪਿੱਤੇ ਦੀ ਪੱਥਰੀ ਦਾ ਅਪਰੇਸ਼ਨ ਕਰਨ ਤੋਂ ਬਾਅਦ ਤਿੰਨ ਹਜ਼ਾਰ ਰੁਪਏ ਦੀ ਮੰਗ ਕੀਤੀ ਗਈ, ਜਿਸ ਦੀ ਆਡੀਓ ਰਿਕਾਡਿੰਗ ਵਾਇਰਲ ਹੋਣ ਮਗਰੋਂ ਡਾਕਟਰ ਦਾ ਤਬਾਦਲਾ ਟਾਂਡਾ ਦੇ ਸਿਵਲ ਹਸਪਤਾਲ ਵਿੱਚ ਕਰ ਦਿੱਤਾ ਗਿਆ ਸੀ ਪਰ ਮਾਮਲਾ ਉੱਚ ਅਧਿਕਾਰੀ ਕੋਲ ਪੁੱਜ ਗਿਆ। ਉਨ੍ਹਾਂ ਨੇ ਨੋਟਿਸ ਲੈਂਦਿਆ ਡਾਕਟਰ ਨੂੰ ਮੁਅੱਤਲ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਹੈ। ਪੀੜਤ ਕਮਲਪ੍ਰੀਤ ਕੌਰ ਨੇ ਦੱਸਿਆ ਕਿ ਡਾਕਟਰ ਰਣਜੀਤ ਸਿੰਘ ਨੇ ਉਸ ਦੀ ਵੱਡੀ ਭੈਣ ਦੇ ਪਿੱਤੇ ਦੀ ਪੱਥਰੀ ਦਾ ਅਪਰੇਸ਼ਨ ਕਰਨ ਲਈ 3 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ, ਜਿਸ ਦੀ ਉਸ ਨੇ ਰਿਕਾਡਿੰਗ ਕਰ ਕੇ ਹਸਪਤਾਲ ਵਿੱਚ ਮਰੀਜ਼ਾਂ ਨਾਲ ਹੋ ਰਹੀ ਲੁੱਟ ਦਾ ਪਰਦਾਫਾਸ਼ ਕੀਤਾ ਹੈ।