ਬਹਾਦਰਜੀਤ ਸਿੰਘ
ਰੂਪਨਗਰ, 3 ਫਰਵਰੀ
ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਵੱਲੋਂ ਦਿੱਤੇ ਗਏ ਸੱਦੇ ਤਹਿਤ ਭਾਰਤ ਸਰਕਾਰ ਦੁਆਰਾ ਲਿਆਂਦੇ ਗਏ ਮਿਕਸੋਪੈਥੀ ਦੇ ਆਰਡੀਨੈਂਸ ਖ਼ਿਲਾਫ਼ ਆਈਐੱਮਏ ਦੀ ਰੂਪਨਗਰ ਇਕਾਈ ਅਤੇ ਇੰਡੀਅਨ ਡੈਂਟਲ ਐਸੋਸੀਏਸ਼ਨ ਨੇ ਅੱਜ ਸਿਵਲ ਹਸਪਤਾਲ ਰੂਪਨਗਰ ਵਿੱਚ ਭੁੱਖ ਹੜਤਾਲ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਆਈਐੱਮਏ ਰੂਪਨਗਰ ਮੈਂਬਰਾਂ ਨੇ ਇਸ ਆਰਡੀਨੈਂਸ ਨੂੰ ਲਾਗੂ ਕਰਨ ਬਾਰੇ ਗੰਭੀਰ ਚਿੰਤਾ ਪ੍ਰਗਟਾਈ। ਡਾ. ਆਰਐੱਸ ਪਰਮਾਰ ਅਤੇ ਅਜੈ ਜਿੰਦਲ ਨੇ ਅਯੁਰਵੈਦਿਕ ਡਾਕਟਰਾਂ ਨੂੰ ਸਰਜਰੀ ਕਰਨ ਦੀ ਇਜਾਜ਼ਤ ਮਿਲਣ ਨਾਲ ਹੋਣ ਵਾਲੇ ਗੰਭੀਰ ਸਿੱਟਿਆਂ ਬਾਰੇ ਵਿਸਥਾਰ ਨਾਲ ਦੱਸਿਆ। ਆਈਡੀਏ ਦੇ ਪ੍ਰਧਾਨ ਡਾ. ਕੇਐੱਸ ਦੇਵ ਨੇ ਮਿਕਸੋਪੈਥੀ ਦੇ ਆਰਡੀਨੈਂਸ ਵੇਲੇ ਡਾਕਟਰਾਂ ਨੂੰ ਧਿਰ ਨਾ ਬਣਾਉਣ ਦੀ ਸਰਕਾਰ ਦੀ ਅਯੋਗਤਾ ’ਤੇ ਸਵਾਲ ਕੀਤਾ। ਡਾ. ਬੀਪੀਐੱਸ ਪਰਮਾਰ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਨਾਲ ਆਮ ਜਨਤਾ ਸਭ ਤੋਂ ਵੱਧ ਪ੍ਰਭਾਵਿਤ ਹੋਏਗੀ, ਜਿਸਦੀ ਜ਼ਿੰਦਗੀ ਅੱਧੇ ਪੱਕੇ ਸਰਜਨਾਂ ਦੇ ਰਹਿਮ ’ਤੇ ਹੋਵੇਗੀ। ਹੜਤਾਲ ਵਿਚ ਮੌਜੂਦ ਸਾਰੇ ਡਾਕਟਰਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਸ ਆਰਡੀਨੈਂਸ ਨੂੰ ਵਾਪਸ ਲੈਣ।