ਸਤਵਿੰਦਰ ਬਸਰਾ
ਲੁਧਿਆਣਾ, 21 ਨਵੰਬਰ
‘ਨਰਮਦਾ ਬਚਾਓ’ ਅੰਦੋਲਨ ਦੀ ਨਾਇਕਾ ਮੇਧਾ ਪਾਟੇਕਰ ਨੇ ਅੱਜ ਇੱਥੇ ‘ਸਤਲੁਜ ਬਚਾਓ ਪੰਜਾਬ ਬਚਾਓ’ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਲੋਕਾਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਰਹਿਣ ਦਾ ਹੋਕਾ ਦਿੱਤਾ। ਇਸ ਮੌਕੇ ਪਬਲਿਕ ਐਕਸ਼ਨ ਕਮੇਟੀ (ਪੀਏਸੀ) ਸਤਲੁਜ ਅਤੇ ਮੱਤੇਵਾੜਾ ਦੇ ਬੈਨਰ ਹੇਠ ਸਤਲੁਜ ਦਰਿਆ ਨੂੰ ਬਚਾਉਣ ਲਈ ਮੁਹਿੰਮ ਚਲਾ ਰਹੀਆਂ ਜਥੇਬੰਦੀਆਂ ਦੇ ਨੁਮਾਇੰਦੇ ਵੀ ਹਾਜ਼ਰ ਸਨ।
ਲੁਧਿਆਣਾ ਦੌਰੇ ਦੌਰਾਨ ਮੇਧਾ ਪਾਟੇਕਰ ਨੇ ਕਿਹਾ ਕਿ ਦਰਿਆ ਵਿੱਚ ਗੰਦਾ ਪਾਣੀ ਸੁੱਟਣਾ ਦੇਸ਼ ਦੇ ਵਾਤਾਵਰਨ ਕਾਨੂੰਨਾਂ ਦੀ ਉਲੰਘਣਾ ਹੈ। ਉਨ੍ਹਾਂ ਨੇ ਲੋਕਾਂ ਅਤੇ ਸਰਕਾਰ ਨੂੰ ਵਾਤਾਵਰਨ ਪ੍ਰਤੀ ਕਦਮ ਚੁੱਕਣ ਲਈ ਆਖਿਆ। ਉਨ੍ਹਾਂ ਕਿਹਾ ਕਿ ਉਹ ਨਰਮਦਾ ਦੀ ਸੁਰੱਖਿਆ ਲਈ ਕੰਮ ਕਰ ਰਹੇ ਹਨ। ਉਨ੍ਹਾਂ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਦੀ ਅਗਵਾਈ ਕਰਨ ਲਈ ਪੰਜਾਬੀਆਂ ਨੂੰ ਵਧਾਈ ਦਿੰਦਿਆਂ ਸਾਂਝਾ ਕਿਸਾਨ ਮੋਰਚਾ ਦੀ ਮੀਟਿੰਗ ਵਿੱਚ ਵੀ ਪੰਜਾਬ ਦੇ ਵਾਤਾਵਰਨ ਦੀ ਸੁਰੱਖਿਆ ਦਾ ਮੁੱਦਾ ਉਠਾਉਣ ਦਾ ਭਰੋਸਾ ਕੀਤਾ।
ਇਸ ਦੌਰਾਨ ਪੀਏਸੀ ਨੇ ਮੇਧਾ ਪਾਟੇਕਰ ਨੂੰ ਮੱਤੇਵਾੜਾ ਜੰਗਲ ਨੇੜੇ ਸਨਅਤੀ ਪਾਰਕ ਬਣਾਉਣ ਦੀ ਪਲਾਨਿੰਗ ਵਾਲੀ ਥਾਂ, ਸਤਲੁਜ ਦਰਿਆ, ਬੁੱਢੇ ਨਾਲੇ ਵਿੱਚ ਸੁੱਟੇ ਜਾ ਰਹੇ ਸੀਵਰੇਜ ਦੇ ਪਾਣੀ ਆਦਿ ਥਾਵਾਂ ਦਾ ਦੌਰਾ ਕਰਵਾਇਆ। ਤਜਵੀਜ਼ਤ ਮਾਡਰਨ ਇੰਡਸਟਰੀ ਪਾਰਕ ਖ਼ਿਲਾਫ਼ ਐੱਨਜੀਟੀ ਵਿੱਚ ਕੇਸ ਦੇ ਮੁੱਖ ਪਟੀਸ਼ਨਰ ਕਪਿਲ ਦੇਵ ਨੇ ਇਸ ਦੇ ਕਾਨੂੰਨੀ ਪੱਖ ਦੀ ਵਿਆਖਿਆ ਕੀਤੀ। ਉਨ੍ਹਾਂ ਕਿਹਾ ਕਿ ਐੱਨਜੀਟੀ ਦੇ ਹੁਕਮਾਂ ਅਨੁਸਾਰ ਸਤਲੁਜ ਦੇ ਹੜ੍ਹ ਵਾਲੇ ਮੈਦਾਨ ਦੀ ਹੱਦਬੰਦੀ ਕਰਨੀ ਬਣਦੀ ਸੀ ਪਰ ਸਰਕਾਰ ਉਸ ਨੂੰ ਅੱਜ ਤਕ ਟਾਲਦੀ ਰਹੀ ਹੈ। ਇਸ ਮੌਕੇ ਉਨ੍ਹਾਂ ਤਾਜਪੁਰ ਰੋਡ ’ਤੇ ਡਾਇੰਗ ਉਦਯੋਗ ਦੇ ਗੰਦੇ ਪਾਣੀ ਦਾ ਨਿਕਾਸ ਦੇਖਿਆ। ਗੁਰਪ੍ਰੀਤ ਸਿੰਘ ਚੰਦਬਾਜਾ ਨੇ ਦੱਸਿਆ ਕਿ ਬੁੱਢੇ ਨਾਲੇ ਦਾ ਇਹ ਦੂਸ਼ਿਤ ਪਾਣੀ ਅੱਗੋਂ ਸਤਲੁਜ ਵਿੱਚ ਮਿਲ ਜਾਂਦਾ ਹੈ ਤੇ ਦੱਖਣੀ ਪੰਜਾਬ ਅਤੇ ਰਾਜਸਥਾਨ ਵਿੱਚ ਲੱਖਾਂ ਲੋਕਾਂ ਨੂੰ ਪੀਣ ਵਾਲੇ ਪਾਣੀ ਵਜੋਂ ਸਪਲਾਈ ਕੀਤਾ ਜਾਂਦਾ ਹੈ। ਇਸ ਤੋਂ ਪਹਿਲਾਂ ਅਰਥ ਕੇਅਰ ਸੁਸਾਇਟੀ ਦੀ ਪੂਜਾ ਸੇਨ ਗੁਪਤਾ ਨੇ ਉਨ੍ਹਾਂ ਦਾ ਰਸਮੀ ਸਵਾਗਤ ਕੀਤਾ।
ਸਿਆਸੀ ਪਾਰਟੀਆਂ ਨਾਲ ਸੰਵਾਦ ਰਚਾਉਣ ਲਈ ਵੈੱਬਸਾਈਟ ਜਾਰੀ
ਮੇਧਾ ਪਾਟੇਕਰ ਦੀ ਅਗਵਾਈ ਵਿੱਚ ਵਾਤਾਵਰਨ ਕਾਰਕੁਨਾਂ ਵੱਲੋਂ ਵੈੱਬਸਾਈਟ www.greenmanifesto.info ਵੀ ਜਾਰੀ ਕੀਤੀ ਗਈ, ਜੋ ਪੰਜਾਬ ਦੇ ਲੋਕਾਂ ਨਾਲ ਅਤੇ ਸਿਆਸੀ ਪਾਰਟੀਆਂ ਨਾਲ 2022 ਵਿੱਚ ਆਉਣ ਵਾਲੀਆਂ ਪੰਜਾਬ ਵਿਧਾਨ ਚੋਣਾਂ ਵਿੱਚ ਵਾਤਾਵਰਨ ਮੁੱਦਿਆਂ ਨੂੰ ਚੋਣ ਮਨੋਰਥ ਪੱਤਰਾਂ ਵਿੱਚ ਪ੍ਰਮੁੱਖਤਾ ਦਿਵਾਉਣ ਲਈ ਸੰਵਾਦ ਰਚਾਉਣ ਦਾ ਜ਼ਰੀਆ ਹੈ। ਤਖਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਵੀ ਸਿਆਸੀ ਪਾਰਟੀਆਂ ਨੂੰ ਆਪਣੇ ਚੋਣ ਮਨੋਰਥ ਪੱਤਰਾਂ ਵਿੱਚ ਵਾਤਾਵਰਨ ਦੇ ਮੁੱਦਿਆਂ ਨੂੰ ਸਭ ਤੋਂ ਵੱਧ ਤਰਜੀਹ ਦੇਣ ਲਈ ਆਖਿਆ।