ਕਰਮਜੀਤ ਸਿੰਘ ਚਿੱਲਾ
ਬਨੂੜ, 30 ਅਕਤੂਬਰ
ਇੱਥੋਂ ਦੇ ਗਿਆਨ ਸਾਗਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਇਸ ਵਾਰ ਮੁੜ ਐੱਮਬੀਬੀਐੱਸ ਦੀ ਪੜ੍ਹਾਈ ਸ਼ੁਰੂ ਹੋ ਰਹੀ ਹੈ। ਪੰਜਾਬ ਦੇ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਨੇ ਕਾਲਜ ਨੂੰ ਐੱਮਬੀਬੀਐੱਸ ਦੀਆਂ 150 ਸੀਟਾਂ ’ਤੇ ਦਾਖ਼ਲਾ ਦੇਣ ਦੀ ਪ੍ਰਵਾਨਗੀ ਦਿੱਤੀ ਹੈ। ਇਸ ਸਬੰਧੀ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਡੀ.ਕੇ. ਤਿਵਾੜੀ ਨੇ ਕਾਲਜ ਦੇ ਚੇਅਰਮੈਨ ਨੂੰ ਲਿਖਤੀ ਪ੍ਰਵਾਨਗੀ ਪੱਤਰ ਜਾਰੀ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਗਿਆਨ ਸਾਗਰ ਕਾਲਜ 2017 ਵਿੱਚ ਬੰਦ ਹੋ ਗਿਆ ਸੀ ਅਤੇ ਇੱਥੇ ਪੜ੍ਹਾਈ ਕਰਦੇ ਐੱਮਬੀਬੀਐੱਸ ਅਤੇ ਹੋਰ ਕੋਰਸਾਂ ਵਾਲੇ ਵਿਦਿਆਰਥੀਆਂ ਨੂੰ ਪੰਜਾਬ ਦੇ ਦੂਜੇ ਮੈਡੀਕਲ ਕਾਲਜਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਕਾਲਜ ਵਿੱਚ ਐੱਮਬੀਬੀਐੱਸ ਦੀਆਂ ਪਹਿਲਾਂ 100 ਸੀਟਾਂ ਸਨ ਤੇ ਹੁਣ ਇੱਥੇ 50 ਸੀਟਾਂ ਦਾ ਵਾਧਾ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਕਾਲਜ ਨੂੰ ਹੁਣ ਨਵੇਂ ਟਰੱਸਟ ਵੱਲੋਂ ਚਲਾਇਆ ਜਾਵੇਗਾ। ਕਾਲਜ ਦੇ ਨਵੇਂ ਟਰੱਸਟੀਆਂ ਵੱਲੋਂ ਮੈਡੀਕਲ ਕਾਲਜ ਲਈ ਸਮੁੱਚੀ ਫੈਕਲਟੀ ਪਹਿਲਾਂ ਹੀ ਪੂਰੀ ਕਰ ਲਈ ਗਈ ਹੈ। ਕਾਲਜ ਨਾਲ ਸਬੰਧਤ ਹਸਪਤਾਲ ਪਹਿਲਾਂ ਹੀ ਚੱਲ ਰਿਹਾ ਹੈ।
ਮੈਡੀਕਲ ਕਾਲਜ ਦੇ ਡੀਨ ਡਾ. ਏ.ਐੱਸ ਸੇਖੋਂ ਨੇ ਕਾਲਜ ਵਿੱਚ ਐੱਮਬੀਬੀਐੱਸ ਦੀਆਂ 150 ਸੀਟਾਂ ਦੀ ਪ੍ਰਵਾਨਗੀ ਮਿਲਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸਮੁੱਚੀਆਂ ਸੀਟਾਂ ਮੈਰਿਟ ਦੇ ਆਧਾਰ ’ਤੇ ਬਾਬਾ ਫ਼ਰੀਦ ਯੂਨੀਵਰਸਿਟੀ ਵੱਲੋਂ ਭਰੀਆਂ ਜਾਣਗੀਆਂ। ਯੂਨੀਵਰਸਿਟੀ ਵੱਲੋਂ ਇਸ ਸਬੰਧੀ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ।