ਖੇਤਰੀ ਪ੍ਰਤੀਨਿਧ
ਪਟਿਆਲਾ, 20 ਦਸੰਬਰ
ਸੱਤਾਧਾਰੀ ਧਿਰ ਵੱਲੋਂ ਅਮਲ ’ਚ ਲਿਆਂਦੀ ਗਈ ਕਾਰਵਾਈ ਦੌਰਾਨ ਮੁਅੱਤਲ ਕੀਤੇ ਗਏ ਕੈਪਟਨ ਅਮਰਿੰਦਰ ਸਿੰਘ ਦੇ ਹਮਾਇਤੀ ਮੇਅਰ ਸੰਜੀਵ ਬਿੱਟੂ ਨੇ ਅਦਾਲਤ ਦੇ ਸਹਾਰੇ ਅੱਜ ਮੁੜ ਮੇਅਰ ਵਾਲੀ ਕੁਰਸੀ ਅਤੇ ਮੇਅਰ ਵਜੋਂ ਖੁੱਸਿਆ ਰੁਤਬਾ ਸੰਭਾਲ ਲਿਆ ਹੈ। ਇਸ ਦੌਰਾਨ ਨਿਗਮ ਦਫ਼ਤਰ ਪੁੱਜੇ ਮੇਅਰ ਦਾ ਉਨ੍ਹਾਂ ਦੇ ਸਾਥੀ ਕੌਂਸਲਰਾਂ ਅਤੇ ਹੋਰ ਪਾਰਟੀ ਆਗੂਆਂ ਨੇ ਪੂਰੇ ਜੋਸ਼ ਖਰੋਸ਼ ਨਾਲ ਸਵਾਗਤ ਕੀਤਾ। ਪਟਿਆਲਾ ਦੇ 60 ਵਿਚੋਂ 59 ਕੌਂਸਲਰ ਕਾਂਗਰਸ ਪੱਖੀ ਹਨ ਜਿਸ ਤਹਿਤ ਸੰਜੀਵ ਬਿੱਟੂ 2017 ’ਚ ਏਡੇ ਵੱਡੇ ਬਹੁਮੱਤ ਨਾਲ ਬਣਨ ਵਾਲੇ ਪਟਿਆਲਾ ਦੇ ਪਲੇਠੇ ਮੇਅਰ ਸਨ। ਉਹ ਸ਼ਾਹੀ ਘਰਾਣੇ ਦੇ ਕੱਟੜ ਸਮਰਥਕ ਹਨ। ਪਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੱਖਰੀ ਪਾਰਟੀ ਬਣਾਉਣ ਮਗਰੋਂ ਸੱਤਾਧਾਰੀ ਧਿਰ ’ਚ ਰਹਿੰਦਿਆਂ ਮੇਅਰ ਵਿਰੋਧੀ ਹੋਏ 39 ਕੌਂਸਲਰਾਂ ਨੇ ਨੋਟਿਸ ਭੇਜ ਕੇ ਮੇਅਰ ’ਚ ਬੇਭਰੋਸਗੀ ਜ਼ਾਹਰ ਕਰ ਦਿੱਤੀ ਸੀ। ਇਸ ਨੋਟਿਸ ਤਹਿਤ ਹੀ ਮੇਅਰ ਨੇ 25 ਨਵੰਬਰ ਨੂੰ ਮੀਟਿੰਗ ਸੱਦ ਲਈ, ਜਿਸ ਦੌਰਾਨ ਏਜੰਡਾ ਇਹ ਰੱਖਿਆ ਗਿਆ ਉਹ ਖ਼ੁਦ ਇਸ ਮੀਟਿੰਗ ’ਚ ਬਹੁਮਤ ਸਾਬਤ ਕਰਨਗੇ। ਉਂਜ ਇਸ ਦੇ ਨਾਲ ਹੀ ਮੇਅਰ ਨੇ ਸਪਲੀਮੈਂਟਰੀ ਏਜੰਡਾ ਵੀ ਭੇਜ ਦਿੱਤਾ, ਜਿਸ ਵਿੱਚ ਨੋਟਿਸ ਦੇਣ ਵਾਲੇ ਕੌਂਸਲਰਾਂ ਨੂੰ ਬੇਭਰੋਸਗੀ ਲਈ ਲੋੜੀਂਦਾ ਕੋਰਮ ਸਾਬਤ ਕਰਨ ਲਈ ਆਖਿਆ ਗਿਆ। 25 ਨਵੰਬਰ ਦੀ ਮੀਟਿੰਗ ਵਿੱਚ ਨਿਗਮ ਪ੍ਰਸ਼ਾਸਨ ਨੇ ਮੇਅਰ ਵੱੱਲੋਂ ਜਾਰੀ ਕੀਤੇ ਗਏ ਪਹਿਲੇ ਏਜੰਡੇ ਦੇ ਆਧਾਰ ’ਤੇ ਕਾਰਵਾਈ ਕੀਤੀ ਜਿਸ ਦੌਰਾਨ ਮੇਅਰ ਦੇ ਹੱਕ ’ਚ 25 ਅਤੇ ਵਿਰੋਧ ’ਚ 36 ਵੋਟਾਂ ਪਈਆਂ। ਇਸ ਹਵਾਲੇ ਨਾਲ ਮੇਅਰ ਨੂੰ ਮੁਅੱਤਲ ਕਰ ਦਿੱਤਾ ਗਿਆ। ਤਰਕ ਸੀ ਕਿ ਉਹ ਬਹੁਮਤ ਨਹੀਂ ਸਾਬਤ ਕਰ ਸਕਿਆ। ਪਰ ਮੇਅਰ ਤਰਕ ਦੇ ਰਹੇ ਸਨ ਕਿ ਬਹੁਮਤ ਨੋਟਿਸ ਦੇਣ ਵਾਲੇ ਕੌਂਸਲਰਾਂ ਨੇ ਸਾਬਤ ਕਰਨਾ ਸੀ।