ਪੱਤਰ ਪ੍ਰੇਰਕ
ਹੁਸ਼ਿਆਰਪੁਰ, 1 ਅਗਸਤ
ਇੱਥੋਂ ਦੇ ਸਿਆਸੀ ਹਾਲਾਤ ਅੱਜ ਉਸ ਵੇਲੇ ਬਦਲ ਗਏ ਜਦੋਂ ਨਗਰ ਨਿਗਮ ਦੇ ਮੇਅਰ ਸੁਰਿੰਦਰ ਕੁਮਾਰ ਸ਼ਿੰਦਾ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਦ ਨਾਲ ਚਾਰ ਹੋਰ ਕੌਂਸਲਰਾਂ ਦੇ ਵੀ ‘ਆਪ’ ਵਿੱਚ ਜਾਣ ਦੀ ਚਰਚਾ ਹੈ।
ਜ਼ਿਕਰਯੋਗ ਹੈ ਕਿ ਚਿਰਾਂ ਤੋਂ ਕਾਂਗਰਸ ਨਾਲ ਜੁੜੇ ਸੁਰਿੰਦਰ ਸ਼ਿੰਦਾ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਨਜ਼ਦੀਕੀ ਸਨ। ਹਾਲ ਹੀ ਵਿੱਚ ਅਰੋੜਾ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਉਸ ਸਮੇਂ ਕਿਆਸ ਲਗਾਏ ਜਾ ਰਹੇ ਸਨ ਕਿ ਸ਼ਾਇਦ ਸ਼ਿੰਦਾ ਆਪਣੇ ਸਾਥੀਆਂ ਨੂੰ ਲੈ ਕੇ ਭਾਜਪਾ ’ਚ ਚਲੇ ਜਾਣਗੇ ਪਰ ‘ਆਪ’ ਦੇ ਮੌਜੂਦਾ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਦੇ ਕੈਬਨਿਟ ਮੰਤਰੀ ਬਣਨ ਤੋਂ ਬਾਅਦ ਨਿਗਮ ਵਿੱਚ ਉਨ੍ਹਾਂ ਦਾ ਦਬਦਬਾ ਵਧ ਗਿਆ ਜਿਸ ਕਰ ਕੇ ਕਾਂਗਰਸੀ ਮੇਅਰ ਤੇ ਕੌਂਸਲਰਾਂ ਦੇ ਕੰਮ ਰੁਕ ਗਏ ਸਨ।