ਪੱਤਰ ਪ੍ਰੇਰਕ
ਕੀਰਤਪੁਰ ਸਾਹਿਬ, 13 ਜੂਨ
ਬੀਤੇ ਦਿਨ ਬਸਪਾ ਅਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਹੋਏ ਗੱਠਜੋੜ ਨੂੰ ਲੈ ਕੇ ਸਵਰਗੀ ਬਾਬੂ ਕਾਂਸ਼ੀ ਰਾਮ ਦੇ ਪਰਿਵਾਰ ਵਲੋਂ ਇਸ ਗੱਠਜੋੜ ਨੂੰ ਲੈ ਕੇ ਆਪਣਾ ਰੁੱਖ ਸਪਸ਼ਟ ਕਰਦਿਆਂ ਕਿਹਾ ਕਿ ਬਸਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਗੱਠਜੋੜ ਨਾਲ ਸਵਰਗੀ ਬਾਬੂ ਕਾਂਸ਼ੀ ਰਾਮ ਦੇ ਪਰਿਵਾਰ ਦਾ ਕੋਈ ਲੈਣ ਦੇਣ ਨਹੀਂ ਹੈ, ਕਿਉਂਕਿ ਅੱਜ ਬਸਪਾ ਦੀ ਰਾਸ਼ਟਰੀ ਪ੍ਰਧਾਨ ਬਣੀ ਬੈਠੀ ਮਾਇਆਵਤੀ ਵੱਲੋਂ ਬਾਬੂ ਕਾਂਸ਼ੀ ਰਾਮ ਨਾਲ ਜੋ ਉਸ ਸਮੇਂ ਕੀਤਾ ਗਿਆ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਅੰਤਿਮ ਸਮੇਂ ਦੌਰਾਨ ਬਾਬੂ ਕਾਂਸ਼ੀ ਰਾਮ ਨਾਲ ਨਾ ਮਿਲਣ ਦੇਣਾ ਮਾਇਆਵਤੀ ਦੀ ਪੈਸਾ ਇਕੱਠਾ ਕਰਨ ਦੀ ਚਾਲ ਸੀ।
ਇਹ ਪ੍ਰਗਟਾਵਾ ਬਾਬੂ ਕਾਂਸ਼ੀ ਰਾਮ ਦੀ ਭੈਣ ਸਵਰਨ ਕੌਰ ਨੇ ਪੱਤਰਕਾਰਾਂ ਨਾਲ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਉਨ੍ਹਾਂ ਦਾ ਕੋਈ ਵੈਰ ਵਿਰੋਧ ਨਹੀਂ ਹੈ ਪਰ ਜੇ ਮਾਇਆਵਤੀ ਪ੍ਰਚਾਰ ਕਰਨ ਲਈ ਪੰਜਾਬ ਆਵੇਗੀ ਤਾਂ ਉਸ ਦਾ ਵਿਰੋਧ ਕਰਨ ਬਾਰੇ ਜ਼ਰੂਰ ਸੋਚਿਆ ਜਾਵੇਗਾ ਕਿਉਂਕਿ ਜਿਸ ਕਾਂਸ਼ੀ ਰਾਮ ਨੇ ਬਸਪਾ ਖੜ੍ਹੀ ਕੀਤੀ ਹੈ ਉਸ ਨੂੰ ਮਾਇਆਵਤੀ ਨੇ ਖਤਮ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਕਾਂਸ਼ੀ ਰਾਮ ਨੇ ਗ਼ਰੀਬ ਤੇ ਪੱਛੜੇ ਵਰਗ ਦੇ ਲੋਕਾਂ ਅਤੇ ਦਲਿਤ ਭਾਈਚਾਰੇ ਨੂੰ ਉੱਪਰ ਚੁੱਕਣ ਲਈ ਅਹਿਮ ਉਪਰਾਲੇ ਕੀਤੇ ਸੀ ਤੇ ਆਪ ਮਿਹਨਤ ਕਰਕੇ ਇੱਕ ਪਾਰਟੀ ਖੜ੍ਹੀ ਕੀਤੀ ਸੀ ਜੋ ਪਾਰਟੀ ਨੈਸ਼ਨਲ ਪੱਧਰ ਦੀ ਪਾਰਟੀ ਬਣੀ ਪਰ ਮਾਇਆਵਤੀ ਇਸ ਫਲਸਫੇ ’ਤੇ ਖਰੀ ਨਹੀਂ ਉਤਰੀ।