ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 1 ਮਈ
ਮਈ ਦਿਵਸ ਮੌਕੇ ਅੱਜ ਹਰ ਸਾਲ ਦੀ ਤਰ੍ਹਾਂ ਛੇਹਰਟਾ, ਹਰੀਪੁਰਾ, ਬਟਾਲਾ ਰੋਡ ਆਦਿ ਵਿੱਚ ਵੱਖ-ਵੱਖ ਸਮਾਗਮਾਂ ਦੌਰਾਨ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਛੇਹਰਟਾ ਵਿੱਚ ਝੰਡਾ ਲਹਿਰਾਉਣ ਦੀ ਰਸਮ ਕਾਮਰੇਡ ਪ੍ਰੇਮ ਸਿੰਘ ਵਲੋਂ ਅਦਾ ਕੀਤੀ ਗਈ। ਪੰਜਾਬ ਏਟਕ ਦੇ ਸਕੱਤਰ ਅਮਰਜੀਤ ਸਿੰਘ ਆਸਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਵਾਰ ਮਈ ਦਿਵਸ ਦੀ ਵਿਲੱਖਣਤਾ ਇਸ ਗੱਲ ਵਿੱਚ ਹੈ ਕਿ ਮਜ਼ਦੂਰ ਜਮਾਤ ਨੂੰ ਕੇਂਦਰ ਸਰਕਾਰ ਦੀਆਂ ਮਾਰੂ ਹਮਲਿਆਂ ਵਿਰੁੱਧ ਵਧੇਰੇ ਇਕਜੁੱਟਤਾ ਨਾਲ ਲੜਨ ਦੀ ਲੋੜ ਹੈ। ਕੇਂਦਰ ਦੀ ਭਾਜਪਾ ਸਰਕਾਰ ਨੇ ਲੰਮੇ ਸੰਘਰਸ਼ਾਂ ਅਤੇ ਸ਼ਹਾਦਤਾਂ ਨਾਲ ਪ੍ਰਾਪਤ ਕੀਤੇ ਲੇਬਰ ਕਾਨੂੰਨਾਂ ਨੂੰ ਸਾਜ਼ਸ਼ੀ ਢੰਗ ਨਾਲ ਇਕੋ ਹੱਲੇ ਨਾਲ ਖਤਮ ਕਰ ਦਿੱਤਾ ਹੈ। 44 ਲੇਬਰ ਕਾਨੂੰਨ ਖਤਮ ਕਰਕੇ ਉਨ੍ਹਾਂ ਦੀ ਥਾਂ ਕੇਵਲ 4 ਲੇਬਰ ਕੋਡ ਲਾਗੂ ਕਰਨ ਦੀ ਯੋਜਨਾ ਹੈ। ਅੰਮ੍ਰਿਤਸਰ ਸ਼ਹਿਰ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਵਿਜੈ ਕੁਮਾਰ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਆਰਥਿਕ ਨੀਤੀਆਂ ਕਰਕੇ ਇੰਡਸਟਰੀ ਅਤੇ ਕਾਰੋਬਾਰ ਬੰਦ ਹੋਣ ਵੱਲ ਜਾ ਰਹੇ ਹਨ। ਘਰੇਲੂ ਮਜ਼ਦੂਰਾਂ ਦੀ ਫੈਡਰੇਸ਼ਨ ਦੀ ਕੌਮੀ ਪ੍ਰਧਾਨ ਕਾਮਰੇਡ ਦਸਵਿੰਦਰ ਕੌਰ ਨੇ ਕਿਹਾ ਕਿ ਲਗਾਤਾਰ ਲੌਕਡਾਊਨ ਨਾਲ ਲੋਕਾਂ ਦੇ ਰੁਜ਼ਗਾਰ ਉਪਰ ਭਾਰੀ ਮਾਰ ਪਈ ਹੈ।
ਸ਼ਾਹਕੋਟ (ਗੁਰਮੀਤ ਖੋਸਲਾ): ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਮਲਸੀਆਂ, ਉੱਗੀ, ਮਾਲੜੀ, ਨੂਰਪੁਰ ਚੱਠਾ ਅਤੇ ਰਸੂਲਪੁਰ ਕਲਾਂ ’ਚ ਸੁਰਖ ਮਾਰਚ ਕਰ ਕੇ ਕੌਮਾਂਤਰੀ ਮਜ਼ਦੂਰ ਦਿਵਸ ਮਨਾਇਆ ਗਿਆ। ਸਥਾਨਕ ਕਸਬੇ ਵਿੱਚ ਵੀ ਸੀਪੀਆਈ, ਸੀਪੀਆਈ (ਐਮ) ਅਤੇ ਆਰ, ਐਮਸੀਪੀਆਈ ਨੇ ਮਜ਼ਦੂਰ ਦਿਵਸ ਮਨਾਇਆ ਜਿਸ ਦੌਰਾਨ ਮਜ਼ਦੂਰ, ਕਿਸਾਨ, ਮੁਲਾਜ਼ਮ ਅਤੇ ਤਰਕਸ਼ੀਲ ਆਗੂਆਂ ਨੇ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਸ਼ਾਹਕੋਟ ਵਿੱਚ ਵਰਿੰਦਰ ਸਿੰਘ, ਸਰਬਣ ਬਿੱਲਾ, ਨਿਰਮਲ ਸਿੰਘ ਮਲਸੀਆਂ, ਮਲਕੀਤ ਭੋਇਪੁਰੀ ਤੇ ਚਰਨਜੀਤ ਥੰਮੂਵਾਲ ਨੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ।
ਤਰਨ ਤਾਰਨ (ਗੁਰਬਖਸ਼ਪੁਰੀ): ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਅੱਜ ਇਲਾਕੇ ਭਰ ਅੰਦਰ ਕਿਸਾਨਾਂ, ਮਜ਼ਦੂਰਾਂ ਤੇ ਮੁਲਾਜ਼ਮਾਂ ਦੀਆਂ ਜਨਤਕ ਜਥੇਬੰਦੀਆਂ, ਰਾਜਸੀ ਪਾਰਟੀਆਂ ਆਦਿ ਵੱਲੋਂ ਇਕੱਠ ਕਰ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ| ਜਾਣਕਾਰੀ ਅਨੁਸਾਰ ਸੀਪੀਆਈ ਅਤੇ ਪੰਜਾਬ ਇਸਤਰੀ ਸਭਾ ਵੱਲੋਂ ਸਾਂਝੇ ਤੌਰ ’ਤੇ ਝਬਾਲ ਵਿੱਚ ਕੀਤੇ ਸਮਾਗਮ ਵਿੱਚ ਸ਼ਿਕਾਗੋ ਦੇ ਸ਼ਹੀਦਾਂ ਦੀ ਯਾਦ ਵਿੱਚ ਝੰਡਾ ਲਹਿਰਾਇਆ ਗਿਆ| ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈੱਡਰੇਸ਼ਨ ਅਤੇ ਸਫ਼ਾਈ ਸੇਵਕ ਯੂਨੀਅਨ ਵੱਲੋਂ ਨਗਰ ਕੌਂਸਲ ਦਫ਼ਤਰ ਵਿੱਚ ਸਮਾਗਮ ਕੀਤਾ ਗਿਆ| ਰੋਡਵੇਜ਼ ਮੁਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ ਦੇ ਆਗੂ ਅਜਮੇਰ ਸਿੰਘ ਦੀ ਅਗਵਾਈ ਵਿੱਚ ਰੋਡਵੇਜ਼ ਵਰਕਸ਼ਾਪ ਦੇ ਗੇਟ ’ਤੇ ਝੰਡਾ ਲਹਿਰਾਇਆ ਗਿਆ| ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਵੱਲੋਂ ਪਾਰਟੀ ਆਗੂ ਬਲਦੇਵ ਸਿੰਘ ਪੰਡੋਰੀ ਦੀ ਅਗਵਾਈ ਵਿੱਚ ਸ਼ਹੀਦਾਂ ਦੀ ਯਾਦ ਵਿੱਚ ਝੰਡਾ ਲਹਿਰਾਇਆ ਗਿਆ|
ਜੰਡਿਆਲਾ ਗੁਰੂ (ਸਿਮਰਤਪਾਲ ਬੇਦੀ): ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਮਜ਼ਦੂਰ ਦਿਵਸ ਨੂੰ ਸਮਰਪਿਤ ਵੱਖ ਵੱਖ ਜਗ੍ਹਾ ਉੱਪਰ ਝੰਡੇ ਲਹਿਰਾਏ ਗਏ। ਇਸ ਬਾਰੇ ਜਾਣਕਾਰੀ ਦਿੰਦਿਆਂ ਡਿਵੀਜ਼ਨ ਪ੍ਰਧਾਨ ਟੀਐੱਸਯੂ ਜੈਮਲ ਸਿੰਘ ਨੇ ਦੱਸਿਆ ਕਿ ਟੈਕਨੀਕਲ ਸਰਵਿਸ ਯੂਨੀਅਨ ਵੱਲੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਡਿਵੀਜ਼ਨ ਜੰਡਿਆਲਾ ਗੁਰੂ, 66ਕੇਵੀ ਮਾਨਾਂਵਾਲਾ, ਸਬ ਡਿਵੀਜ਼ਨ ਬੰਡਾਲਾ ਅਤੇ ਜੰਡਿਆਲਾ ਗੁਰੂ ਕੰਪਲੇਂਟ ਸੈਂਟਰ ਵਿੱਚ ਮਜ਼ਦੂਰ ਦਿਵਸ ਨੂੰ ਸਮਰਪਿਤ ਝੰਡੇ ਲਹਿਰਾ ਕਿ ਸ਼ਿਕਾਗੋ ਦੇ ਸ਼ਹੀਦਾਂ ਨੂੰ ਸਰਧਾਂਜਲੀ ਦਿੱਤੀ ਗਈ।
ਫਤਿਹਗੜ ਚੂੜੀਆਂ (ਹਰਪਾਲ ਸਿੰਘ ਨਾਗਰਾ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਮਜ਼ਦੂਰ ਦਿਹਾੜੇ ਮੌਕੇ ਫਤਿਹਗੜ੍ਹ ਚੂੜੀਆਂ ਵਿੱਚ ਜਥੇਬੰਦੀ ਦਾ ਝੰਡਾ ਲਹਿਰਾਉਣ ਉਪਰੰਤ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ। ਇਸ ਮੌਕੇ ਕਿਸਾਨ ਆਗੂ ਦਲਜੀਤ ਸਿੰਘ ਚਿਤੋੜਗੜ੍ਹ ਨੇ ਕਿਹਾ ਕਿ ਸਾਨੂੰ ਸ਼ਿਕਾਗੋ ਦੇ ਸ਼ਹੀਦਾਂ ਦੀ ਵਿਰਾਸਤ ਨੂੰ ਸਾਂਭਦੇ ਹੋਏ ਸ਼ਹੀਦਾਂ ਦੇ ਨਕਸ਼ੇ-ਕਦਮ ’ਤੇ ਚੱਲਣ ਦੀ ਜ਼ਰੂਰਤ ਹੈ।
ਭੁਲੱਥ (ਦਲੇਰ ਸਿੰਘ ਚੀਮਾ): ਅੱਜ ਇਥੇ ਡਾ. ਮੇਹਰ ਚੰਦ ਸਿੱਧੂ ਦੀ ਅਗਵਾਈ ਹੇਠ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਮਜ਼ਦੂਰ ਦਿਵਸ ਵੀਡੀਓ ਕਾਨਫਰੰਸਿੰਗ ਰਾਹੀਂ ਮਨਾਇਆ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ, ਜਿਨ੍ਹਾਂ ਨੇ ਮਜ਼ਦੂਰਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ ਤੇ ਜਾਨਾਂ ਕੁਰਬਾਨ ਕੀਤੀਆਂ।
ਚੇਤਨਪੁਰਾ (ਰਣਬੀਰ ਸਿੰਘ ਮਿੰਟੂ): ਟੈਕਨੀਕਲ ਸਰਵਿਸਿਜ਼ ਯੂਨੀਅਨ ਦੀ ਸੂਬਾ ਕਮੇਟੀ ਦੇ ਸੱਦੇ ਅਨੁਸਾਰ ਬਿਜਲੀ ਘਰ ਹਰਸ਼ਾ ਛੀਨਾ ਵਿੱਚ ਬਿਜਲੀ ਕਾਮਿਆਂ ਨੇ ਮਈ ਦਿਵਸ ਨੂੰ ਸ਼ਹੀਦਾਂ ਦੀ ਵਿਰਾਸਤ ਦੀ ਰਾਖੀ ਲਈ ਜਾਰੀ ਸੰਘਰਸ਼ ਨੂੰ ਜਿੱਤ ਤੱਕ ਜਾਰੀ ਰੱਖਣ ਦੇ ਪ੍ਰਣ ਦਿਵਸ ਵਜੋਂ ਮਨਾਇਆ। ਇਸ ਮੌਕੇ ਦਫ਼ਤਰ ਦੇ ਗੇਟ ਉੱਪਰ ਜਥੇਬੰਦੀ ਦਾ ਝੰਡਾ ਲਹਿਰਾ ਕੇ ਕਿਰਤੀ ਲੋਕਾਂ ਦੀ ਸਰਮਾਏਦਾਰਾ- ਸਾਮਰਾਜੀ ਲੁੱਟ ਖਿਲਾਫ਼ ਚੱਲਦੀ ਲੜਾਈ ਨੂੰ ਜਾਰੀ ਰੱਖਣ ਦਾ ਪ੍ਰਣ ਕੀਤਾ ਗਿਆ।
ਗੜ੍ਹਸ਼ੰਕਰ (ਜੇਬੀ ਸੇਖੋਂ): ਇੱਥੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਸਥਾਨਕ ਗਾਂਧੀ ਪਾਰਕ ’ਚ ਮਈ ਦਿਵਸ ਨੂੰ ਸਮਰਪਿਤ ਸਮਾਗਮ ਕਰਨ ਉਪਰੰਤ ਕੁਲਵਿੰਦਰ ਚਾਹਲ ਅਤੇ ਹਰਮੇਸ਼ ਢੇਸੀ ਦੀ ਅਗਵਾਈ ’ਚ ਲੌਕਡਾਊਨ ਵਿਰੁੱਧ ਸ਼ਹਿਰ ਅੰਦਰ ਜਾਗਰੂਕਤਾ ਮਾਰਚ ਕੀਤਾ ਗਿਆ।
ਮਜ਼ਦੂਰ ਦਿਵਸ ਨੂੰ ਸਮਰਪਿਤ ਕਨਵੈਨਸ਼ਨ
ਚੇਤਨਪੁਰਾ (ਪੱਤਰ ਪ੍ਰੇਰਕ): ਅੱਡਾ ਕੁੱਕੜਾਂਵਾਲਾ ਵਿੱਚ ਕਿਰਤੀ ਕਿਸਾਨ ਯੂਨੀਅਨ (ਪੰਜਾਬ) ਵੱਲੋਂ ਮਜ਼ਦੂਰ ਦਿਵਸ ਨੂੰ ਸਮਰਪਿਤ ਕਨਵੈਨਸ਼ਨ ਕਰਵਾਈ ਗਈ। ਜਥੇਬੰਦੀ ਦੇ ਆਗੂਆਂ ਦੀ ਅਗਵਾਈ ਹੇਠ ਹੋਈ ਕਨਵੈਨਸ਼ਨ ਨੂੰ ਪ੍ਰੋਗਰੈਸਿਵ ਰਿਸਰਚ ਸਕਾਲਰ ਐਸੋਸੀਏਸ਼ਨ ਦੇ ਰਜਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਮਰਾਜੀ ਤਾਕਤਾਂ ਕਾਮਾ ਜਮਾਤ ਦੀ ਲੁੱਟ ਨੂੰ ਤਿੱਖੀ ਕਰਨ ਲਈ ਕਿਰਤ ਤੇ ਖੇਤੀ ਕਾਨੂੰਨਾਂ ਰਾਹੀਂ ਆਪਣੀ ਲੁੱਟ ਦਾ ਕਾਰੋਬਾਰ ਹੋਰ ਤਿੱਖਾ ਕਰ ਰਹੀਆਂ ਹਨ। ਕਨਵੈਨਸ਼ਨ ਨੂੰ ਸੂਬਾ ਵਿੱਤ ਸਕੱਤਰ ਧਨਵੰਤ ਸਿੰਘ ਖਤਰਾਏ ਕਲਾਂ ਸੂਬਾ ਕਮੇਟੀ ਮੈਂਬਰ, ਪ੍ਰਭਜੀਤ ਸਿੰਘ ਤਿਮੋਵਾਲ, ਹਰਪਾਲ ਸਿੰਘ ਛੀਨਾ, ਜਗਬੀਰ ਸਿੰਘ ਛੀਨਾ, ਅਵਤਾਰ ਸਿੰਘ ਛੀਨਾ, ਸੁਖਦੇਵ ਸਿੰਘ ਡੱਬਰ ਤੇ ਪਲਵਿੰਦਰ ਸਿੰਘ ਜੇਠੂਨੰਗਲ ਨੇ ਵੀ ਸੰਬੋਧਨ ਕੀਤਾ।
ਜੰਗਲਾਤ ਮੁਲਾਜ਼ਮਾਂ ਵੱਲੋਂ ਮਈ ਦਿਵਸ ਮੌਕੇ ਸੰਘਰਸ਼ ਤਿੱਖਾ ਕਰਨ ਦਾ ਅਹਿਦ
ਕਾਹਨੂੰਵਾਨ (ਪੱਤਰ ਪ੍ਰੇਰਕ): ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਵੱਲੋਂ ਅੱਜ ਕੌਮਾਂਤਰੀ ਮਜ਼ਦੂਰ ਦਿਵਸ ਮਨਾਇਆ ਗਿਆ। ਇਸ ਮੌਕੇ ਅਮਰਜੀਤ ਸ਼ਾਸਤਰੀ ਸੂਬਾ ਆਗੂ ਡੀਐੱਮਐੱਫ ਪੰਜਾਬ, ਬਲਵੀਰ ਸਿੰਘ, ਦਵਿੰਦਰ ਸਿੰਘ ਭਰਥ ਮਠੋਲਾ ਦੀ ਅਗਵਾਈ ਹੇਠ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਅਮਰਜੀਤ ਸ਼ਾਸਤਰੀ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਕਰੋਨਾ ਸੰਕਟ ਦੇ ਬਹਾਨੇ ਪੂੰਜੀਪਤੀਆਂ ਦਾ ਪੱਖ ਪੂਰਨ ਲਈ ਲਹੂ ਵਿਟਵੇ ਸੰਘਰਸ਼ਾਂ ਦੌਰਾਨ ਪ੍ਰਾਪਤ ਕੀਤੇ ਹੱਕਾਂ ਨੂੰ ਕਿਰਤ ਕਾਨੂੰਨਾਂ ਵਿੱਚ ਸੋਧਾਂ ਕਰਕੇ ਪਿਛਲ ਮੋੜਾ ਦੇ ਦਿੱਤਾ ਹੈ। ਵਰਕਰਾਂ ਦੀ ਸੀਨੀਅਰਤਾ ਸੂਚੀ ਵਿਚ ਪਿਛਲੇ ਰਿਕਾਰਡ ਅਨੁਸਾਰ ਸੋਧ ਕਰਨ ਤੋਂ ਜੰਗਲਾਤ ਵਿਭਾਗ ਦੀ ਅਫ਼ਸਰਸ਼ਾਹੀ ਭੱਜ ਰਹੀ ਹੈ। ਇਸ ਲਈ ਸੰਘਰਸ਼ ਕਰਨਾ ਉਨ੍ਹਾਂ ਦੀ ਅਣਸਰਦੀ ਲੋੜ ਬਣ ਚੁੱਕੀ ਹੈ। ਦਰਪੇਸ਼ ਸਮੱਸਿਆਵਾਂ ਦਾ ਕੋਈ ਹੱਲ ਨਾ ਹੋਣ ਕਾਰਨ ਉਨ੍ਹਾਂ ਵੱਲੋਂ 12 ਮਈ ਤੋਂ ਦਫ਼ਤਰ ਅੱਗੇ ਅਣਮਿਥੇ ਸਮੇਂ ਲਈ ਧਰਨਾ ਦਿੱਤਾ ਜਾਵੇਗਾ।