ਚਰਨਜੀਤ ਭੁੱਲਰ
ਚੰਡੀਗੜ੍ਹ, 22 ਫਰਵਰੀ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਮੌੜ ਬੰਬ ਧਮਾਕੇ ਦਾ ਮਾਮਲਾ ਮੁੜ ਖੁੱਲ੍ਹ ਗਿਆ ਹੈ ਜਿਸ ਨਾਲ ਪੁਲੀਸ ਜਾਂਚ ਮੁੜ ਸ਼ੁਰੂ ਹੋਣ ਦੇ ਆਸਾਰ ਵੀ ਬਣ ਗਏ ਹਨ| ਇਸ ਤੋਂ ਪਹਿਲਾਂ ਹਾਈ ਕੋਰਟ ਨੇ ਪੁਲੀਸ ਵੱਲੋਂ ਇਸ ਕੇਸ ਵਿਚ ਚਲਾਨ ਪੇਸ਼ ਕੀਤੇ ਜਾਣ ਮਗਰੋਂ 17 ਸਤੰਬਰ 2020 ਨੂੰ ਰੀਵਿਊ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਸੀ|
ਮੌੜ ਬੰਬ ਧਮਾਕੇ ਵਿਚ ਹੁਣ ਮੁੜ ਰੀਵਿਊ ਐਪਲੀਕੇਸ਼ਨ ਲਾਈ ਗਈ ਸੀ ਜਿਸ ਨੂੰ ਮਨਜ਼ੂਰ ਕਰਦਿਆਂ ਜਸਟਿਸ ਅਜੇ ਤਿਵਾੜੀ ਅਤੇ ਅਰੁਣ ਪੱਲੀ ਦੇ ਬੈਂਚ ਨੇ ਪੁਰਾਣੀ ਰੀਵਿਊ ਪਟੀਸ਼ਨ ਨੂੰ ਮੁੜ ਖੋਲ੍ਹ ਲਿਆ ਹੈ| ਹੁਣ ਇਸ ਬੰਬ ਧਮਾਕੇ ਦੀ ਜਾਂਚ ਦਾ ਕੇਸ ਮੁੜ ਹਾਈ ਕੋਰਟ ਵਿਚ ਚੱਲੇਗਾ। ਜ਼ਿਕਰਯੋਗ ਹੈ ਕਿ ਪੰਜਾਬ ਚੋਣਾਂ 2017 ਦੇ ਚੋਣ ਪ੍ਰਚਾਰ ਦੌਰਾਨ 31 ਜਨਵਰੀ ਨੂੰ ਮੌੜ ਮੰਡੀ ਵਿਚ ਬੰਬ ਧਮਾਕਾ ਹੋਇਆ ਸੀ ਜਿਸ ਵਿਚ ਉਦੋਂ ਦੇ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਵਾਲ-ਵਾਲ ਬਚ ਗਏ ਸਨ| ਇਸ ਬੰਬ ਧਮਾਕੇ ਵਿਚ ਸੱਤ ਜਣਿਆਂ ਦੀ ਜਾਨ ਚਲੀ ਗਈ ਸੀ ਜਦੋਂ ਕਿ ਦਰਜਨ ਦੇ ਕਰੀਬ ਵਿਅਕਤੀ ਜ਼ਖਮੀ ਹੋ ਗਏ ਸਨ|
ਉਸ ਮਗਰੋਂ ਸਰਕਾਰ ਨੇ ਬੰਬ ਧਮਾਕੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਸੀ ਜਿਸ ਦੀ ਜਾਂਚ ਵਿਚ ਧਮਾਕੇ ਦੀ ਪੈੜ ਡੇਰਾ ਸਿਰਸਾ ਤੱਕ ਪੁੱਜ ਗਈ ਸੀ|
ਪਾਤੜਾਂ ਦੇ ਗੁਰਜੀਤ ਸਿੰਘ ਤੇ ਸੁਖਮਿੰਦਰ ਸਿੰਘ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਬੰਬ ਧਮਾਕੇ ਦੀ ਜਾਂਚ ਸੀਬੀਆਈ ਜਾਂ ਐਨਆਈਏ ਤੋਂ ਕਰਾਉਣ ਦੀ ਮੰਗ ਕੀਤੀ ਗਈ ਸੀ ਪਰ ਪੁਲੀਸ ਨੇ ਵਿਸ਼ੇਸ਼ ਜਾਂਚ ਟੀਮ ਦਾ ਹਵਾਲਾ ਦਿੱਤਾ ਸੀ|