ਗੁਰਿੰਦਰ ਸਿੰਘ
ਲੁਧਿਆਣਾ, 14 ਸਤੰਬਰ
ਮਰਹੂਮ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬਉਰ ਰਹਿਮਾਨ ਸਾਨੀ ਲੁਧਿਆਣਵੀ ਦੇ ਇੰਤਕਾਲ ਤੋਂ ਬਾਅਦ ਅੱਜ ਇੱਕ ਸਮਾਗਮ ਦੌਰਾਨ ਸ਼ਾਹੀ ਇਮਾਮ ਦੀ ਵਸੀਅਤ ਮੁਤਾਬਕ ਉਨ੍ਹਾਂ ਦੇ ਵੱਡੇ ਪੁੱਤਰ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਦੀ ਦਸਤਾਰਬੰਦੀ ਕਰ ਕੇ ਪੰਜਾਬ ਦਾ ਸ਼ਾਹੀ ਇਮਾਮ ਬਣਾਇਆ ਗਿਆ। ਇਤਿਹਾਸਕ ਜਾਮਾ ਮਸਜਿਦ ਵਿੱਚ ਨਵਨਿਯੁਕਤ ਸ਼ਾਹੀ ਇਮਾਮ ਦੀ ਦਸਤਾਰਬੰਦੀ ਮੌਕੇ ਭਾਰਤ ਦੇ ਚੀਫ ਇਮਾਮ ਮੌਲਾਨਾ ਮੁਹੰਮਦ ਉਮੇਰ ਇਲਿਆਸੀ ਦਿੱਲੀ, ਪੀਰ ਜੀ ਹੁਸੈਨ ਅਹਿਮਦ ਬੂੜੀਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਪ੍ਰਿਤਪਾਲ ਸਿੰਘ, ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਸਾਬਕਾ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆ, ਐਡਵੋਕੇਟ ਹਰੀਸ਼ ਰਾਏ ਢਾਂਡਾ, ਭਾਵਧਸ ਆਗੂ ਵਿਜੇ ਦਾਨਵ ਅਤੇ ਮਮਤਾ ਆਸ਼ੂ ਸਣੇ ਕਈ ਆਗੂ ਹਾਜ਼ਰ ਸਨ।
ਨਵ-ਨਿਯੁਕਤ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਨੇ ਕਿਹਾ ਕਿ ਉਹ ਆਪਣੇ ਪਿਤਾ ਦੇ ਅਧੂਰੇ ਕੰਮਾਂ ਨੂੰ ਪੂਰਾ ਕਰਨ ਲਈ ਵੱਖ-ਵੱਖ ਧਰਮਾਂ ਦਾ ਸਤਿਕਾਰ ਕਰਦਿਆਂ ਸਮਾਜ, ਸੂਬੇ ਅਤੇ ਦੇਸ਼ ਵਿੱਚ ਅਮਨ ਸ਼ਾਂਤੀ ਦੀ ਬਹਾਲੀ ਲਈ ਹਰ ਇਕ ਨੂੰ ਨਾਲ ਲੈ ਕੇ ਚੱਲਣਗੇ। ਇਸ ਤੋਂ ਪਹਿਲਾਂ ਚੀਫ ਇਮਾਮ ਮੌਲਾਨਾ ਉਮੇਰ ਇਲਿਆਸੀ ਨੇ ਮੁਹੰਮਦ ਉਸਮਾਨ ਰਹਿਮਾਨੀ ਨੂੰ ਸ਼ਾਹੀ ਇਮਾਮ ਪੰਜਾਬ ਨਿਯੁਕਤ ਕਰਦਿਆਂ ਸ਼ੁੱਭ ਕਾਮਨਾਵਾਂ ਭੇਟ ਕੀਤੀਆਂ। ਪ੍ਰਿਤਪਾਲ ਸਿੰਘ ਨੇ ਸ਼ਾਹੀ ਇਮਾਮ ਦਾ ਸਨਮਾਨ ਕਰਦਿਆਂ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਮੁਫਤੀ ਇਰਤਕਾ ਉੱਲ ਹਸਨ, ਮੁਫਤੀ ਖਲੀਲ, ਖ਼ਲੀਫ਼ਾ ਸਾਹਿਬ ਸਰਹਿੰਦ, ਪ੍ਰਵੀਨ ਬਜਾਜ, ਮੁਫਤੀ ਸਦਾਮ ਹੁਸੈਨ ਲੁਧਿਆਣਵੀ, ਦਰਸ਼ਨ ਰਤਨ ਰਾਵਤ, ਵਿਧਾਇਕ ਕੁਲਦੀਪ ਸਿੰਘ ਵੈਦ, ਵਿਧਾਇਕ ਬਲਵਿੰਦਰ ਸਿੰਘ ਬੈਂਸ, ਵਿਧਾਇਕ ਸਿਮਰਜੀਤ ਸਿੰਘ ਬੈਂਸ, ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ ਸਣੇ ਕਈ ਆਗੂ ਹਾਜ਼ਰ ਸਨ।