ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 24 ਸਤੰਬਰ
ਮਾਤਾ ਗੁਜਰੀ ਕਾਲਜ ਦੇ ਵਿੱਦਿਅਕ ਵਰ੍ਹੇ 2019-20 ਦਾ ਕਾਲਜ ਮੈਗਜ਼ੀਨ ‘ਫ਼ਤਹਿਗੜ੍ਹ’ ਕਾਲਜ ਦੇ ਨਵੇਂ ਬਣੇ ਵਧੀਕ ਆਨਰੇਰੀ ਸਕੱਤਰ ਜਗਦੀਪ ਸਿੰਘ ਚੀਮਾ ਵੱਲੋਂ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ, ਕਾਲਜ ਮੈਗਜ਼ੀਨ ਦੇ ਮੁੱਖ ਸੰਪਾਦਕ ਡਾ. ਜਗਜੀਵਨ ਸਿੰਘ, ਮੈਗਜ਼ੀਨ ਸੰਪਾਦਕੀ ਮੰਡਲ ਦੇ ਸਮੂਹ ਅਧਿਆਪਕ ਸਾਹਿਬਾਨਾਂ, ਸੀਨੀਅਰ ਅਧਿਆਪਕਾਂ ਦੀ ਮੌਜੂਦਗੀ ਵਿਚ ਰਿਲੀਜ਼ ਕੀਤਾ ਗਿਆ। ਸ੍ਰੀ ਚੀਮਾ ਨੇ ਇਸ ਮੌਕੇ ਖ਼ੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਕਿਸੇ ਵੀ ਸੰਸਥਾਂ ਦਾ ਮੈਗਜ਼ੀਨ ਉਸ ਸੰਸਥਾਂ ਦੇ ਮਿਆਰ ਦਾ ਪ੍ਰਤੀਬਿੰਬ ਹੁੰਦਾ ਹੈ ਅਤੇ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਹ ਕਾਲਜ ਮੈਗਜ਼ੀਨ ਦਾ ਇਹ ਅੰਕ ਰਿਲੀਜ਼ ਕਰ ਰਹੇ ਹਨ। ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਦੱਸਿਆ ਕਿ ਇਹ ਸਾਲਾਨਾ ਅੰਕ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ।
ਆਨਰੇਰੀ ਸਕੱਤਰ ਬਣਨ ’ਤੇ ਜਗਦੀਪ ਚੀਮਾ ਦਾ ਸਵਾਗਤ
ਜਗਦੀਪ ਸਿੰਘ ਚੀਮਾ ਦਾ ਅੱਜ ਕਾਲਜ ਪਹੁੰਚਣ ’ਤੇ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਅਤੇ ਸਮੂਹ ਸਟਾਫ਼ ਵੱਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਡਾ. ਕਸ਼ਮੀਰ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਜਗਦੀਪ ਸਿੰਘ ਚੀਮਾ ਨੂੰ ਇਹ ਸੇਵਾ ਸੌਂਪਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸ੍ਰੀ ਚੀਮਾ ਦਾ ਕਾਲਜ ਮੈਨੇਜਮੈਂਟ ਵਿਚ ਹੋਣਾ ਮਾਣ ਵਾਲੀ ਗੱਲ ਹੈ। ਇਸ ਮੌਕੇ ਸ੍ਰੀ ਚੀਮਾ ਨੇ ਕਿਹਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਮਾਤਾ ਗੁਜਰੀ ਜੀ ਦੇ ਆਸ਼ੀਰਵਾਦ ਸਦਕਾ ਬਾਖ਼ੂਬੀ ਨਿਭਾਉਣਗੇ ਤੇ ਗੁਰੂ ਸਹਬਿਾਨਾਂ ਦੇ ਅਸ਼ੀਰਵਾਦ ਨਾਲ ਕਾਲਜ ਹੋਰ ਬੁਲੰਦੀਆਂ ਛੂਹੇਗਾ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖ਼ਾਲਸਾ, ਅਵਤਾਰ ਸਿੰਘ ਰਿਆ ਅਤੇ ਮਲਕੀਤ ਸਿੰਘ ਮਠਾੜੂ ਪ੍ਰਧਾਨ ਬੀ.ਸੀ ਵਿੰਗ ਸ਼੍ਰੋਮਣੀ ਅਕਾਲੀ ਦਲ ਨੇ ਵੀ ਮੁਬਾਰਕਬਾਦ ਦਿੱਤੀ।