ਚਮਕੌਰ ਸਾਹਿਬ: ਦਰਵੇਸ਼ ਤਬੀਅਤ ਦੇ ਮਾਲਕ ਮਾਸਟਰ ਪਿਆਰਾ ਸਿੰਘ ਭੋਲਾ ਕਸਬਾ ਬਹਿਰਾਮਪੁਰ ਬੇਟ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ, ਉਨ੍ਹਾਂ ਦੀ ਮ੍ਰਿਤਕ ਦੇਹ ਅੱਜ ਪੀਜੀਆਈ ਚੰਡੀਗੜ੍ਹ ਨੂੰ ਸੌਂਪ ਦਿੱਤੀ ਗਈ ਹੈ। ਆਪਣੇ ਜੀਵਨ ਵਿੱਚ ਅਧਿਆਪਨ ਕਿੱਤੇ ਨੂੰ ਮਿਸ਼ਨਰੀ ਕਾਰਜ ਸਮਝ ਕੇ ਬੱਚਿਆਂ ਦੀ ਸੇਵਾ ਲਈ ਸਮਰਪਿਤ ਮਰਹੂਮ ਪਿਆਰਾ ਸਿੰਘ ਭੋਲਾ ਵੱਲੋਂ ਮਰਨ ਉਪਰੰਤ ਆਪਣੀ ਦੇਹ ਪਹਿਲਾਂ ਹੀ ਪੀਜੀਆਈ ਚੰਡੀਗੜ੍ਹ ਨੂੰ ਸੌਂਪਣ ਦਾ ਅਹਿਦ ਕੀਤਾ ਹੋਇਆ ਸੀ। ਉਨ੍ਹਾਂ ਦੇ ਪੁੱਤਰ ਡਾ. ਸੰਤ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਸਸਕਾਰ ਕਰਨ ਦੀ ਬਜਾਏ ਉਨ੍ਹਾਂ ਦੇ ਪਿਤਾ ਦੀ ਇੱਛਾ ਅਨੁਸਾਰ ਪਰਿਵਾਰ ਵੱਲੋਂ ਅੱਜ ਸਵੇਰੇ ਉਨ੍ਹਾਂ ਦੀ ਮ੍ਰਿਤਕ ਦੇਹ ਪੀਜੀਆਈ ਨੂੰ ਸੌਂਪ ਦਿੱਤੀ ਹੈ। -ਨਿੱਜੀ ਪੱਤਰ ਪ੍ਰੇਰਕ