ਰਵੇਲ ਸਿੰਘ ਭਿੰਡਰ
ਪਟਿਆਲਾ, 26 ਅਗਸਤ
ਅੱਠ ਸਿਆਸੀ ਪਾਰਟੀਆਂ ਤੇ ਜਥੇਬੰਦੀਆਂ ‘ਤੇ ਅਧਾਰਿਤ ਫਾਸ਼ੀ ਹਮਲਿਆਂ ਵਿਰੋਧੀ ਫਰੰਟ ਪੰਜਾਬ ਨੇ ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਮਾਰੀ ਦੇ ਪਰਦੇ ਪਿੱਛੇ ਸਿਆਸੀ, ਸਮਾਜਿਕ ਅਤੇ ਹੋਰ ਸਰਗਰਮੀਆਂ ਉੱਤੇ ਦਫ਼ਾ 144 ਲਾਉਣ, ਕੇਦਰ ਸਰਕਾਰ ਦੇ ਖੇਤੀ ਆਰਡੀਨੈਸਾਂ ਅਤੇ ਬਿਜਲੀ ਐਕਟ 2020 ਖ਼ਿਲਾਫ਼ ਸਮੇਤ ਹੋਰ ਮੁੱਦਿਆਂ ’ਤੇ ਇਥੋਂ ਦੀ ਅਨਾਜ ਮੰਡੀ ਵਿਖੇ ਫਰੰਟ ਦੇ ਆਗੂਆਂ ਸੀਪੀਆਈ (ਐੱਮ-ਐੱਲ)ਨਿਊ ਡੈਮੋਕਰੇਸੀ ਦੇ ਦਰਸ਼ਨ ਖਟਕੜ, ਸੀਪੀਆਈ ਦੇ ਕੁਲਵੰਤ ਸਿੰਘ ਮੌਲਵੀਵਾਲਾ, ਐੱਮਸੀਪੀਆਈ (ਯੂ) ਦੇ ਸਰਪੰਚ ਨਿਰੰਜਨ ਸਿੰਘ, ਆਰਐੱਮਪੀਆਈ ਦੇ ਭੀਮ ਸਿੰਘ ਆਲਮਪੁਰ, ਲੋਕ ਸੰਗਰਾਮ ਮੋਰਚਾ ਦੇ ਸਤਵੰਤ ਵਜ਼ੀਦਪੁਰ, ਇਨਕਲਾਬੀ ਜਮਹੂਰੀ ਮੋਰਚਾ ਦੇ ਨਰਿੰਦਰ ਨਿੰਦੀ ਅਤੇ ਕਿਸਾਨ ਆਗੂ ਜਗਮੋਹਣ ਸਿੰਘ ਦੀ ਪ੍ਰਧਾਨਗੀ ਹੇਠ ਪੂਰਬੀ ਮਾਲਵਾ ਦਾ ਜ਼ੋਨ ਪੱਧਰੀ ਇਕੱਠ ਕਰਨ ਬਾਅਦ ਸ਼ਹਿਰ ਵਿੱਚ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਫ਼ਰੰਟ ਵਲੋਂ ਵਿਧਾਨ ਸਭਾ ਦੇ ਹੋ ਰਹੇ ਇੱਕ ਰੋਜ਼ਾ ਸੈਸ਼ਨ ਮੌਕੇ 28 ਅਗਸਤ ਨੂੰ ਚੰਡੀਗੜ੍ਹ ਵਿਖੇ ਮੁਜ਼ਾਹਰਾ ਕਰਨ ਦਾ ਐਲਾਨ ਵੀ ਕੀਤਾ ਗਿਆ। ਕਾਨਫਰੰਸ ਵਿੱਚ ਫਰੰਟ ਦੇ ਆਗੂਆਂ ਨਿਰਮਲ ਧਾਲੀਵਾਲ, ਲਾਭ ਸਿੰਘ ਭੰਗੂ, ਹਰਭਜਨ ਬੁੱਟਰ, ਪੂਰਨ ਚੰਦ ਨਨਹੇੜਾ, ਲੋਕ ਰਾਜ ਮਹਿਰਾਜ ਅਤੇ ਰਾਮਿੰਦਰ ਪਟਿਆਲਾ ਨੇ ਵਿਚਾਰ ਰੱਖੇ।