ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 14 ਫਰਵਰੀ
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਬਹਾਦਰਗੜ੍ਹ ਸ਼ਹਿਰ ਦੇ ਵੱਖ-ਵੱਖ ਖੇਤਰਾਂ ’ਚ ਔਰਤਾਂ ਦੀ ਵੱਡੀ ਸ਼ਮੂਲੀਅਤ ਨਾਲ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਵਿਚ ਜ਼ਿਲ੍ਹਾ ਆਗੂਆਂ ਤੋਂ ਇਲਾਵਾ ਉੱਘੀ ਸਮਾਜਿਕ ਕਾਰਕੁਨ ਡਾ. ਨਵਸ਼ਰਨ ਤੇ ਡਾ. ਅਰੀਤ ਨੇ ਵੀ ਸ਼ਮੂਲੀਅਤ ਕੀਤੀ। ਮੁਜ਼ਾਹਰਾਕਾਰੀਆਂ ਵੱਲੋਂ ਖੇਤੀ ਕਾਨੂੰਨ, ਬਿਜਲੀ ਬਿੱਲ ਅਤੇ ਪਰਾਲੀ ਵਾਲਾ ਆਰਡੀਨੈਂਸ ਰੱਦ ਕਰਨ, ਸਰਕਾਰੀ ਖ਼ਰੀਦ ਦੀ ਗਾਰੰਟੀ ਦੇਣ, ਅੰਦੋਲਨਕਾਰੀ ਕਿਸਾਨਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਤੇ ਜ਼ਬਤ ਸਾਮਾਨ ਵਾਪਸ ਦੇਣ ਦੀ ਮੰਗ ਕੀਤੀ ਗਈ। ਇਸ ਤੋਂ ਪਹਿਲਾਂ ਟਿਕਰੀ ਬਾਰਡਰ ’ਤੇ ਪਕੌੜਾ ਚੌਕ ਨੇੜੇ ਲੱਗੀ ਸਟੇਜ ’ਤੇ ਸੰਬੋਧਨ ਕਰਦਿਆਂ ਸੂਬਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਨੇ ਦੋਸ਼ ਲਾਇਆ ਕਿ ਕੇਂਦਰ ਦੀ ਮੋਦੀ ਸਰਕਾਰ ਦੇ ਇਸ਼ਾਰੇ ’ਤੇ ਦਿੱਲੀ ਪੁਲੀਸ ਵੱਲੋਂ 26 ਜਨਵਰੀ ਨੂੰ ਟਰੈਕਟਰ ਪਰੇਡ ਦੌਰਾਨ ਸਰਕਾਰ ਨਾਲ ਤੈਅ ਕੀਤੇ ਗਏ ਰੂਟਾਂ ’ਤੇ ਮਾਰਚ ਕਰਨ ਗਏ ਟਰੈਕਟਰਾਂ ਤੇ ਹੋਰ ਵਹੀਕਲਾਂ ਵਾਲਿਆਂ ਨੂੰ ਵੀ ਨੋਟਿਸ ਭੇਜੇ ਜਾ ਰਹੇ ਹਨ। ਮੋਰਚੇ ਦੀ ਹਮਾਇਤ ’ਤੇ ਆਏ ਮੱਧ ਪ੍ਰਦੇਸ਼ ਦੇ ਕਿਸਾਨ ਆਗੂ ਰਾਧੇ ਸ਼ਾਮ ਮਾਣੋ ਨੇ ਕਿਹਾ ਕਿ ਉਨ੍ਹਾਂ ਦੇ ਸੂਬੇ ਵਿੱਚ ਵੀ ਖੇਤੀ ਕਾਨੂੰਨਾਂ ਦੀ ਵਾਪਸੀ ਲਈ ਵਿਆਪਕ ਵਿਰੋਧ ਲਹਿਰ ਚੱਲ ਰਹੀ ਹੈ।