ਪਾਲ ਸਿੰਘ ਨੌਲੀ
ਜਲੰਧਰ, 22 ਮਾਰਚ
ਖੇਤਾਂ ਦੇ ਪੁੱਤ ਅਤੇ ਇਨਕਲਾਬੀ ਕਵੀ ਅਵਤਾਰ ਪਾਸ਼ ਅਤੇ ਹੰਸ ਰਾਜ ਦੇ ਜੱਦੀ ਪਿੰਡ ਤਲਵੰਡੀ ਸਲੇਮ ਵਿੱਚ ਸ਼ਹੀਦੀ ਕਾਨਫਰੰਸ ਕਰਵਾਈ ਗਈ। ਇਹ ਸਮਾਗਮ ਕੌਮੀ ਮੁਕਤੀ ਲਹਿਰ ਦੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਯਾਦ ’ਚ ਹਰ ਸਾਲ ਕਰਵਾਇਆ ਜਾਂਦਾ ਹੈ। ‘ਪਾਸ਼-ਹੰਸ ਰਾਜ ਸ਼ਹੀਦੀ ਯਾਦਗਾਰੀ ਕਮੇਟੀ’ ਵੱਲੋਂ ਕਰਵਾਈ ਗਈ ਸ਼ਹੀਦੀ ਕਾਨਫਰੰਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਇਕਸੁਰ ਹੁੰਦਿਆਂ ਕਿਹਾ ਕਿ ਪਾਸ਼ ਦੀ ਅਧੂਰੀ ਰਹਿ ਗਈ ਕਵਿਤਾ ਨੂੰ ਕਿਸਾਨ ਅੰਦੋਲਨ ਅੱਗੇ ਤੋਰ ਰਿਹਾ ਹੈ।
ਸ਼ਹੀਦੀ ਸਮਾਗਮ ਵਿੱਚ ਆਏ ਨਾਟਕਕਾਰ ਕੇਵਲ ਧਾਲੀਵਾਲ ਤੇ ਹੋਰਾਂ ਨੇ ਪਿੰਡ ਤਲਵੰਡੀ ਸਲੇਮ ਵਿੱਚ ਉਸ ਟਿਊਬਵੈੱਲ ’ਤੇ ਜਾ ਕੇ ਖੇਤਾਂ ਦੇ ਪੁੱਤ ਨੂੰ ਯਾਦ ਕਰਦਿਆਂ ਉਸ ਮਿੱਟੀ ਨੂੰ ਸਿਜਦਾ ਵੀ ਕੀਤਾ, ਜਿਹੜੀ 23 ਮਾਰਚ 1988 ਨੂੰ ਪਾਸ਼ ਦੇ ਲਹੂ ਨਾਲ ਰੱਤੀ ਗਈ ਸੀ। ਮੰਚ ਰੰਗਮੰਚ ਅੰਮ੍ਰਿਤਸਰ ਦੇ ਨਿਰਦੇਸ਼ਕ ਕੇਵਲ ਧਾਲੀਵਾਲ ਦੀ ਟੀਮ ਵੱਲੋਂ ਪੇਸ਼ ਕੀਤੇ ‘ਹਾੜੀਆਂ ਸਾਉਣੀਆਂ’ ਓਪੇਰਾ ਨੇ ਰੰਗ ਬੰਨ੍ਹ ਦਿੱਤਾ। ਇਹ ਨਾਟਕ 70 ਸਾਲ ਪਹਿਲਾਂ ਲਿਖਿਆ ਗਿਆ ਸੀ।
ਬੁਲਾਰਿਆਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ 23 ਮਾਰਚ, 1931 ਸੀ ਤੇ ਉਨ੍ਹਾਂ ਦੇ ਸੁਪਨਿਆਂ ਨੂੰ ਕਵਿਤਾ ਰਾਹੀਂ ਅੱਗੇ ਤੋਰਨ ਵਾਲੇ ਪਾਸ਼ ਦਾ ਸ਼ਹੀਦੀ ਦਿਹਾੜਾ 23 ਮਾਰਚ, 1988 ਹੈ। ਇਸੇ ਕਰਕੇ ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਨਾਲ ਸਾਂਝ ਪਾਉਣ ਵਾਲੀ ਤਰੀਕ 23 ਮਾਰਚ, ਪਾਸ਼ ਨੂੰ ਲੋਕਾਂ ਦੇ ਦਿਲਾਂ ਵਿੱਚ ਸਦਾ ਲਈ ਜਿਊਂਦਿਆਂ ਕਰ ਗਈ। ਉਨ੍ਹਾਂ ਕਿਹਾ ਕਿ ਭਗਤ ਸਿੰਘ ਦੇ ਦੌਰ ਵਿੱਚ ਸਾਮਰਾਜੀਆਂ ਵਿਰੁੱਧ ਲੜਾਈ ਚੱਲ ਰਹੀ ਸੀ, ਜਿਹੜੀ ਦੇਸ਼ ਨੂੰ ਈਸਟ ਇੰਡੀਆ ਕੰਪਨੀ ਸਮੇਤ ਅੰਗਰੇਜ਼ੀ ਹਕੂਮਤ ਤੋਂ ਮੁਕਤ ਹੋਣ ਲਈ ਲੜੀ ਜਾ ਰਹੀ ਸੀ। ਪਾਸ਼ ਦੀ ਕਵਿਤਾ ਉਸ ਨੂੰ ਹੋਰ ਅੱਗੇ ਤੋਰਦੀ ਹੈ ਤੇ ਮੌਜੂਦਾ ਕਿਸਾਨ ਅੰਦੋਲਨ ਪਾਸ਼ ਦੀ 1988 ਵਿੱਚ ਅਧੂਰੀ ਰਹਿ ਗਈ ਕਵਿਤਾ ਨੂੰ 2021 ਵਿੱਚ ਅੱਗੇ ਤੋਰ ਰਿਹਾ ਹੈ। ਬੁਲਾਰਿਆਂ ਨੇ ਕਿਹਾ ਕਿ ਆਜ਼ਾਦੀ ਤੋਂ ਪਹਿਲਾਂ ਤੇ ਬਾਅਦ ਵਿੱਚ ਹੋ ਰਹੇ ਸੰਘਰਸ਼ਾਂ ਨੂੰ ਟੁਕੜਿਆਂ ਵਿੱਚ ਦੇਖਣ ਦੀ ਥਾਂ ਨਿਰੰਤਰ ਰੂਪ ਵਿੱਚ ਦੇਖਣਾ ਚਾਹੀਦਾ ਹੈ।
ਪੰਜਾਬ ਲੋਕ ਸੱਭਿਆਚਾਰਕ ਮੰਚ ਦੇ ਸੂਬਾ ਪ੍ਰਧਾਨ ਅਮੋਲਕ ਸਿੰਘ ਨੇ ਪਾਸ਼ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸਾਡੇ ਤੁਰ ਜਾਣ ਤੋਂ ਬਾਅਦ ਕਿਹਾ ਜਾਵੇਗਾ ਕਿ ਦੇਸ਼ ਅਜ਼ਾਦ ਹੋ ਗਿਆ ਪਰ ਕੁਝ ਸਾਲਾਂ ਤੋਂ ਬਾਅਦ ਤੁਹਾਨੂੰ ਸਾਡੀ ਯਾਦ ਆਇਆ ਕਰੇਗੀ। ਉਨ੍ਹਾਂ ਕਿਹਾ ਕਿ ਭਗਤ ਸਿੰਘ ਦੀ ਜੇਲ੍ਹ ਡਾਇਰੀ ਦਾ ਜਿਹੜਾ ਪੰਨਾ ਮਰੋੜਿਆ ਗਿਆ ਸੀ, ਉਸ ਨੂੰ ਪਾਸ਼ ਦੀ ਕਵਿਤਾ ਸਿੱਧਾ ਕਰਦੀ ਹੈ। ਇਸ ਮੌਕੇ ਯਾਦਗਾਰੀ ਕਮੇਟੀ ਦੇ ਕਨਵੀਨਰ ਮੋਹਨ ਸਿੰਘ ਬੱਲ, ਕਮੇਟੀ ਮੈਂਬਰ ਨਿਰਮਲ ਸਿੰਘ ਜਹਾਂਗੀਰ, ਜਾਗੀਰ ਜੋਸਨ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਮਾਲੜੀ ਅਤੇ ਸੁਖਵਿੰਦਰ ਬਾਗਪੁਰ ਨੇ ਵੀ ਸੰਬੋਧਨ ਕੀਤਾ।