ਹਰਜੀਤ ਸਿੰਘ
ਜ਼ੀਰਕਪੁਰ, 29 ਜੁਲਾਈ
ਇਥੋਂ ਦੀ ਬਾਦਲ ਕਲੋਨੀ ਵਿੱਚ 34 ਸਾਲਾਂ ਵਿਆਹੁਤਾ ਨੇ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ। ਲੜਕੀ ਦੇ ਪਿਤਾ ਚਿਤਰੰਜਨ ਸਿੰਘ ਨੀਨਾ ਵਾਸੀ ਪਿੰਡ ਤਲਭੱਟਾ ਪੜਾ ਥਾਣਾ ਖੇਤਰਾਜਪੁਰ ਜ਼ਿਲ੍ਹਾ ਸੰਭਲਪੁਰ ਉੜੀਸਾ ਨੇ ਦੱਸਿਆ ਕਿ ਉਨ੍ਹਾਂ ਆਪਣੀ ਲੜਕੀ ਰੁਠੀ ਸਿੰਘ ਨੀਨਾ (34) ਦਾ ਵਿਆਹ ਸਾਲ 2018 ਵਿੱਚ ਸੁਮੀਤ ਗੋਇਲ ਮਕਾਨ ਨੰਬਰ 134 ਬਾਦਲ ਕਲੋਨੀ ਜ਼ੀਰਕਪੁਰ ਨਾਲ ਨਾਲ ਕੀਤਾ ਸੀ। ਉਨ੍ਹਾਂ ਵਲੋਂ ਆਪਣੀ ਹੈਸੀਅਤ ਤੋਂ ਵਧ ਦਾਜ ਵੀ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਵਿਆਹ ਤੋਂ ਬਾਅਦ ਲੜਕੀ ਦੇ ਸਹੁਰੇ ਪਰਿਵਾਰ ਵਾਲਿਆਂ ਵੱਲੋਂ ਲੜਕੀ ਨੂੰ ਹੋਰ ਦਾਜ ਲਿਆਉਣ ਲਈ ਦਬਾਅ ਪਾਇਆ ਜਾਂਦਾ ਸੀ ਅਤੇ ਮੰਗ ਪੂਰੀ ਨਾ ਹੋਣ ਤੇ ਕੁੱਟਮਾਰ ਕੀਤੀ ਜਾਂਦੀ ਸੀ। 25 ਜੁਲਾਈ ਨੂੰ ਉਨ੍ਹਾਂ ਨੂੰ ਕਿਸੇ ਵਿਅਕਤੀ ਦਾ ਫੋਨ ਆਇਆ ਕਿ ਤੁਹਾਡੀ ਲੜਕੀ ਨੇ ਜ਼ਹਿਰ ਪੀ ਲਿਆ ਹੈ, ਜਿਸ ਨੂੰ ਚੰਡੀਗੜ੍ਹ ਸੈਕਟਰ 32 ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿੱਥੇ 27 ਜੁਲਾਈ ਨੂੰ ਉਸ ਦੀ ਲੜਕੀ ਦੀ ਮੌਤ ਹੋ ਗਈ। ਪੜਤਾਲੀਆ ਅਫ਼ਸਰ ਐੱਸਆਈ ਹਰਸ਼ ਮੋਹਨ ਗੌਤਮ ਨੇ ਦੱਸਿਆ ਕਿ ਪੋਸਟਮਾਰਟਮ ਕਰਵਾ ਲਾਸ਼ ਲੜਕੀ ਦੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਲੜਕੀ ਦੇ ਪਤੀ ਸੁਮੀਤ ਗੋਇਲ ਦੇ ਖ਼ਿਲਾਫ਼ ਧਾਰਾ 304 ਬੀ ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।