ਗੁਰਦੀਪ ਸਿੰਘ ਭੱਟੀ
ਟੋਹਾਣਾ, 30 ਸਤੰਬਰ
ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਵਿੱਢੇ ਪ੍ਰਦਰਸ਼ਨਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੇ ਪੈਰਾਂ ਹੇਠੋਂ ਖਿਸਕੀ ਸਿਆਸੀ ਜ਼ਮੀਨ ਨੂੰ ਮੁੜ ਪ੍ਰਾਪਤ ਕਰਨ ਲਈ ਅਕਾਲ ਤਖ਼ਤ ਅਤੇ ਗੁਰਦੁਆਰਿਆਂ ਦੀ ਦੁਰਵਰਤੋਂ ਕਰ ਰਹੇ ਹਨ। ਇਹ ਗੱਲਾਂ ਇੱਥੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਹੀਆਂ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਗੁਨਾਹਾਂ ਨੂੰ ਪੰਥ ਅਤੇ ਪੰਜਾਬ ਦੇ ਲੋਕ ਕਦੇ ਵੀ ਭੁੱਲ ਨਹੀਂ ਸਕਦੇ। ਅੱਜ ਜਦੋਂ ਕੇਂਦਰ ਸਰਕਾਰ ਨੇ ਅਕਾਲੀ ਦਲ ਨੂੰ ਖੂੰਜੇ ਲਾਇਆ ਤਾਂ ਸੁਖਬੀਰ ਬਾਦਲ ਨੂੰ ਪੰਥ ਅਤੇ ਪੰਜਾਬ ਚੇਤੇ ਆ ਗਿਆ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਸਿਆਸੀ ਮੀਟਿੰਗਾਂ ਰਾਹੀਂ ਤਿੰਨਾਂ ਤਖ਼ਤਾਂ ਤੋਂ ਚੰਡੀਗੜ੍ਹ ਵੱਲ ਤਿੰਨ ਮਾਰਚ ਉਲੀਕ ਕੇ ਇਤਿਹਾਸਕ ਗੁਰਦੁਆਰਿਆਂ ਵਿੱਚ ਆਪਣੀ ਸਿਆਸੀ ਧਾਂਕ ਜਮਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਇਸ ਦੀ ਨਿਖੇਧੀ ਕਰਦਿਆਂ ਕਿਹਾ ਕਿ ਦੁਨੀਆ ਤੋਂ ਮਾਰਚ ਤਖ਼ਤ ਸਾਹਿਬਾਨ ਵੱਲ ਜਾਂਦੇ ਹਨ ਕਿਉਂਕਿ ਦੁਨਿਆਵੀ ਤਖ਼ਤਾਂ ਤੋਂ ਸਾਡੇ ਧਾਰਮਿਕ ਤਖ਼ਤ ਕਿਤੇ ਵੱਡੇ ਹਨ ਪਰ ਅਕਾਲ ਤਖ਼ਤ ਸਾਹਿਬ ਸ੍ਰੀ ਕੇਸਗੜ੍ਹ ਸਾਹਿਬ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਚੰਡੀਗੜ੍ਹ ਸਰਕਾਰੀ ਤਖ਼ਤ ਵੱਲ ਨੂੰ ਮਾਰਚ ਲਿਜਾਣਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਹੈ। ਇਹ ਪਾਵਨ ਤਖ਼ਤਾਂ ਅਤੇ ਗੁਰਧਾਮਾਂ ਦੀ ਬੇਅਦਬੀ ਹੈ। ਜਥੇਦਾਰ ਦਾਦੂਵਾਲ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਇਸ ਸੌੜੀ ਸਿਆਸਤ ਤੋਂ ਗੁਰੇਜ਼ ਕਰੇ ਨਹੀਂ ਤਾਂ ਉਸ ਦੀ ਇਸ ਗੁਸਤਾਖ਼ੀ ਨੂੰ ਸਿੱਖ ਪੰਥ ਕਦੇ ਬਰਦਾਸ਼ਤ ਨਹੀਂ ਕਰੇਗਾ।