ਚੰਡੀਗੜ੍ਹ, 22 ਜਨਵਰੀ
ਪੰਜਾਬ ਦੇ ਕਈ ਕਾਂਗਰਸ ਆਗੂ ਚਾਹੁੰਦੇ ਹਨ ਕਿ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨ ਕੇ ਵਿਧਾਨ ਸਭਾ ਚੋਣਾਂ ਲੜੀਆਂ ਜਾਣ। ਕਈ ਸੀਨੀਅਰ ਆਗੂਆਂ ਨੇ ਚਰਨਜੀਤ ਸਿੰਘ ਚੰਨੀ ਨੂੰ ਹਮਾਇਤ ਦੇ ਦਿੱਤੀ ਹੈ। ਉਂਜ ਕਾਂਗਰਸ ਹਾਈ ਕਮਾਨ ਆਖਦੀ ਆ ਰਹੀ ਹੈ ਕਿ ‘ਸਾਂਝੀ ਲੀਡਰਸ਼ਿਪ’ ਹੇਠ ਚੋਣਾਂ ਲੜੀਆਂ ਜਾਣਗੀਆਂ ਪਰ ਕਈ ਆਗੂ ਚਾਹੁਦੇ ਹਨ ਕਿ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਚੱਲ ਰਹੀਆਂ ਕਿਆਸਾਂ ’ਤੇ ਛੇਤੀ ਤੋਂ ਛੇਤੀ ਵਿਰਾਮ ਲੱਗਣਾ ਚਾਹੀਦਾ ਹੈ। ਸੀਨੀਅਰ ਆਗੂ ਅਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਪਾਰਟੀ ਨੇ 2012 ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ’ਚ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨਿਆ ਸੀ ਅਤੇ ਚੰਨੀ ਨੇ ਤਿੰਨ ਮਹੀਨਿਆਂ ਦੇ ਕਾਰਜਕਾਲ ਦੌਰਾਨ ਆਪਣੀ ਕਾਬਲੀਅਤ ਨੂੰ ਸਾਬਤ ਕੀਤਾ ਹੈ। ਉਨ੍ਹਾਂ ਕਿਹਾ,‘‘ਪਾਰਟੀ ’ਚ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਐਲਾਨ ਕਰਨ ਬਾਰੇ ਕੋਈ ਦੁਚਿੱਤੀ ਨਹੀਂ ਹੋਣੀ ਚਾਹੀਦੀ ਹੈ। ਪਾਰਟੀ ’ਚ ਅਜਿਹਾ ਆਗੂ ਪਹਿਲਾਂ ਤੋਂ ਹੈ ਜਿਸ ਨੇ ਹਰ ਕਿਸੇ ਦੀਆਂ ਆਸਾਂ ਤੋਂ ਵੱਧ ਕੰਮ ਕੀਤਾ ਹੈ।’’ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਿਛਲੇ ਸਾਲ ਅਹੁਦੇ ਤੋਂ ਅਸਤੀਫ਼ਾ ਦੇਣ ਮਗਰੋਂ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ। ਮਹਿੰਦਰਾ ਨੇ ਕਿਹਾ ਕਿ ਕਾਂਗਰਸ ਲਈ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨਣਾ ਜ਼ਰੂਰੀ ਹੋ ਗਿਆ ਹੈ ਕਿਉਂਕਿ ‘ਆਪ’ ਨੇ ਭਗਵੰਤ ਮਾਨ ਨੂੰ ਪਾਰਟੀ ਦਾ ਚਿਹਰਾ ਐਲਾਨ ਦਿੱਤਾ ਹੈ ਜਦਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਖਬੀਰ ਬਾਦਲ ’ਤੇ ਦਾਅ ਖੇਡਿਆ ਜਾ ਰਿਹਾ ਹੈ। ਮਹਿੰਦਰਾ ਦੇ ਕੈਬਨਿਟ ਸਾਥੀ ਰਾਣਾ ਗੁਰਜੀਤ ਸਿੰਘ ਵੀ ਚੰਨੀ ਦੀ ਹਮਾਇਤ ’ਚ ਆ ਗਏ ਹਨ। ਉਨ੍ਹਾਂ ਕਿਹਾ,‘‘ਮੁੱਖ ਮੰਤਰੀ ਅਹੁਦੇ ਲਈ ਚੰਨੀ ਦੇ ਨਾਮ ’ਤੇ ਸਵਾਲੀਆ ਨਿਸ਼ਾਨ ਲਗਾਉਣ ’ਤੇ ਇਹ ਆਤਮਘਾਤੀ ਫ਼ੈਸਲਾ ਹੋ ਸਕਦਾ ਹੈ। ਚੰਨੀ ਨੇ ਸਿਰਫ਼ ਤਿੰਨ ਮਹੀਨਿਆਂ ’ਚ ਹੀ ਜ਼ੋਰਦਾਰ ਕੰਮ ਕੀਤਾ ਹੈ।’’ ਇਕ ਹੋਰ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਸ਼ਾਹਕੋਟ ਤੋਂ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵੀ ਚੰਨੀ ਦੇ ਪੱਖ ’ਚ ਹਨ। ਉਂਜ ਕਾਂਗਰਸ ਦੇ ਮੁੱਖ ਤਰਜਮਾਨ ਰਣਦੀਪ ਸਿੰਘ ਸੁਰਜੇਵਾਲਾ ਨੇ ਇਕ ਸਵਾਲ ਦੇ ਜਵਾਬ ’ਚ ਕਿਹਾ ਸੀ,‘‘ਸਿੱਧੂਜੀ ਪੰਜਾਬ ਕਾਂਗਰਸ ਦੇ ਸਰਦਾਰ ਹਨ। ਚੰਨੀਜੀ ਸਰਕਾਰ ਦੇ ਸਰਦਾਰ ਹਨ ਅਤੇ ਅਸੀਂ ਸਾਂਝੀ ਲੀਡਰਸ਼ਿਪ ਹੇਠ ਚੋਣਾਂ ਲੜਾਂਗੇ।’’ ਇਸ ਦੌਰਾਨ ਕਾਂਗਰਸ ਆਗੂ ਰਾਹੁਲ ਗਾਂਧੀ ਦੇ ਨਜ਼ਦੀਕੀ ਨਿਖਿਲ ਅਲਵਾ ਵੱਲੋਂ ਟਵਿੱਟਰ ’ਤੇ ਕਰਵਾਈ ਗਈ ਪੋਲ ’ਚ ਚੰਨੀ ਨੂੰ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ ਸਭ ਤੋਂ ਜ਼ਿਆਦਾ ਵੋਟ ਮਿਲੇ ਸਨ। -ਪੀਟੀਆਈ