ਪੱਤਰ ਪ੍ਰੇਰਕ
ਮਾਨਸਾ, 30 ਮਈ
ਮਾਨਸਾ ਨੇੜਲੇ ਪਿੰਡ ਜਵਾਹਰਕੇ ਵਿੱਚ ਜਿੱਥੇ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਗਿਆ ਹੈ, ਉਥੇ ਕੰਧਾਂ ਵਿੱਚ ਅਜੇ ਵੀ ਗੋਲੀਆਂ ਦੇ ਖੋਲ ਫਸੇ ਹੋਏ ਨਜ਼ਰ ਆਉਂਦੇ ਹਨ ਜਿਸ ਤੋਂ ਇਹ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਿਹੜੇ ਹਥਿਆਰਾਂ ਦੀ ਵਰਤੋਂ ਕੀਤੀ ਗਈ, ਉਹ ਬਹੁਤ ਖ਼ਤਰਨਾਕ ਸਨ।
ਚਸ਼ਮਦੀਦਾਂ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ’ਤੇ ਇਸ ਢੰਗ ਨਾਲ ਗੋਲੀਆਂ ਚਲਾਈਆਂ ਗਈਆਂ ਕਿ ਇਹ ਗੋਲੀਆਂ ਆਲੇ-ਦੁਆਲੇ ਦੀਆਂ ਕੰਧਾਂ ਅਤੇ ਇਕ ਘਰ ਦੇ ਲੋਹੇ ਵਾਲੇ ਬੰਦ ਦਰਵਾਜ਼ੇ ’ਤੇ ਵੀ ਵੱਜੀਆਂ। ਇਸ ਘਟਨਾ ਵਾਲੀ ਥਾਂ ਤੋਂ ਥੋੜ੍ਹੀ ਦੂਰ ਇਕ ਘਰ ਵਿੱਚ ਮੌਜੂਦ ਮਾਵਾਂ-ਧੀਆਂ ਨੇ ਘਰ ਦੇ ਜੰਗਲੇ ਵਿੱਚ ਦੀ ਇਹ ਸਾਰੀ ਘਟਨਾ ਦੇਖੀ। ਔਰਤ ਨੇ ਦੱਸਿਆ ਕਿ ਘਰ ਵਿੱਚ ਉਹ ਦੋਵੇਂ ਮਾਵਾਂ-ਧੀਆਂ ਮੌਜੂਦ ਸਨ। ਪਹਿਲਾਂ ਉਨ੍ਹਾਂ ਸਮਝਿਆ ਕਿ ਕਿਸੇ ਵਾਹਨ ਨੂੰ ਅੱਗ ਲੱਗ ਗਈ ਹੈ ਕਿਉਂਕਿ ਕਾਫੀ ਧੂੰਆਂ ਉਠਦਾ ਨਜ਼ਰ ਆਇਆ, ਪਰ ਬਾਅਦ ’ਚ ਪਤਾ ਲੱਗਾ ਕਿ ਦੋ ਗੱਡੀਆਂ ’ਚ ਆਏ ਸਵਾਰ ਅੰਨ੍ਹੇਵਾਹ ਗੋਲੀਆਂ ਚਲਾ ਰਹੇ ਹਨ। ਉਸ ਔਰਤ ਨੇ ਦੱਸਿਆ ਕਿ ਇਕ ਵਿਅਕਤੀ ਬਾਕੀਆਂ ਮੁਕਾਬਲੇ ਥੋੜ੍ਹਾ ਝੁਕ ਕੇ ਲਗਾਤਾਰ ਗੋਲੀਆਂ ਚਲਾ ਰਿਹਾ ਸੀ ਪਰ ਬਾਅਦ ’ਚ ਉਨ੍ਹਾਂ ਨੂੰ ਪਤਾ ਲੱਗਿਆ ਕਿ ਸਿੱਧੂ ਮੂਸੇਵਾਲਾ ਦਾ ਕਤਲ ਹੋ ਗਿਆ ਹੈ। ਔਰਤ ਨੇ ਦੱਸਿਆ ਕਿ ਹਮਲਾ ਕਰਨ ਵਾਲੇ ਲੋਕ ਬਾਅਦ ’ਚ ਬਰਨਾਲਾ ਪਿੰਡ ਵੱਲ ਗੱਡੀਆਂ ਭਜਾਉਂਦੇ ਨਜ਼ਰ ਆਏ। ਇਸ ਪਿੰਡ ਦੇ ਨੌਜਵਾਨ ਕੁਲਦੀਪ ਸਿੰਘ ਡਰਾਈਵਰ ਨੇ ਦੱਸਿਆ ਕਿ ਉਹ ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਜਦੋਂ ਆਪਣੇ ਘਰ ਦੀ ਛੱਤ ਉਤੇ ਚੜ੍ਹਿਆ ਤਾਂ ਹਮਲਾਵਰਾਂ ਨੂੰ ਗੋਲੀਆਂ ਚਲਾ ਕੇ ਜਾਂਦੇ ਹੋਏ ਵੇਖਿਆ। ਹਮਲਾਵਾਰ ਉਦੋਂ ਗੱਡੀਆਂ ਵਿੱਚ ਬੈਠ ਕੇ ਫਰਾਰ ਹੋ ਚੁੱਕੇ ਸਨ ਤੇ ਥੋੜ੍ਹੇ ਸਮੇਂ ਬਾਅਦ ਹੀ ਪਿੰਡ ’ਚ ਰੌਲਾ ਪੈ ਗਿਆ ਕਿ ਇਹ ਹਮਲਾ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ’ਤੇ ਕੀਤਾ ਗਿਆ ਹੈ, ਜਿਸ ਤੋਂ ਬਾਅਦ ਸਾਰਾ ਪਿੰਡ ਸੁੰਨ ਹੋ ਗਿਆ। ਇਸੇ ਦੌਰਾਨ ਅਕਾਲੀ ਦਲ (ਅੰਮ੍ਰਿਤਸਰ) ਦੇ ਸਕੱਤਰ ਜਨਰਲ ਭਾਈ ਗੁਰਸੇਵਕ ਸਿੰਘ ਜਵਾਹਰਕੇ ਨੇ ਦੱਸਿਆ ਕਿ ਉਨ੍ਹਾਂ ਖੁਦ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਹੈ ਅਤੇ ਬਾਅਦ ਵਿੱਚ ਉਨ੍ਹਾਂ ਮੌਕੇ ’ਤੇ ਜਾ ਕੇ ਵੇਖਿਆ ਤਾਂ ਉਥੇ ਗੋਲੀਆਂ ਦੇ ਖੋਲ ਕੰਧਾਂ ਵਿੱਚ ਅਜੇ ਵੀ ਫਸੇ ਪਏ ਹਨ ਅਤੇ ਕੰਧਾਂ ਵਿੱਚ ਡੂੰਘੇ-ਡੂੰਘੇ ਮੋਰੇ ਪਏ ਵਿਖਾਈ ਦਿੰਦੇ ਹਨ।