ਜਗਜੀਤ ਸਿੰਘ
ਮੁਕੇਰੀਆਂ 28 ਦਸੰਬਰ
ਲੁਧਿਆਣਾ ਬੰਬ ਕਾਂਡ ਦਾ ਮਾਸਟਰਮਾਈਂਡ ਦੱਸ ਕੇ ਜਰਮਨੀ ਵਿੱਚ ਗ੍ਰਿਫ਼ਤਾਰ ਕੀਤੇ ਗਏ ਜਸਵਿੰਦਰ ਸਿੰਘ ਮੁਲਤਾਨੀ ਦੇ ਪਿਤਾ ਅਜੀਤ ਸਿੰਘ ਸਮੇਤ ਉਸ ਦੇ ਪਿੰਡ ਮਨਸੂਰਪੁਰ ਦੇ ਲੋਕਾਂ ਨੂੰ ਏਜੰਸੀਆਂ ਦੀ ਦੱਸੀ ਕਹਾਣੀ ’ਤੇ ਯਕੀਨ ਨਹੀਂ ਹੋ ਰਿਹਾ। ਪਿੰਡ ਵਾਲਿਆਂ ਅਤੇ ਮੁਕੇਰੀਆਂ ਪੁਲੀਸ ਅਨੁਸਾਰ ਪਰਿਵਾਰ ਦਾ ਕੋਈ ਅਪਰਾਧਿਕ ਪਿਛੋਕੜ ਨਹੀਂ ਹੈ। ਜਸਵਿੰਦਰ ਆਪਣੀ ਪਤਨੀ, ਭੈਣ ਤੇ ਭਰਾ ਸਮੇਤ ਜਰਮਨੀ ਰਹਿ ਰਿਹਾ ਹੈ। ਪਿਤਾ ਅਜੀਤ ਸਿੰਘ ਪਿੰਡ ਰਹਿੰਦਾ ਹੈ ਅਤੇ ਮਾਤਾ ਦੀ ਮੌਤ ਹੋ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਜਸਵਿੰਦਰ ਸਿੰਘ ਮੁਲਤਾਨੀ ‘ਸਿੱਖਸ ਫਾਰ ਜਸਟਿਸ’ ਨਾਲ ਸਬੰਧਤ ਅਤੇ ਲੁਧਿਆਣਾ ਬੰਬ ਕਾਂਡ ਦਾ ਮਾਸਟਰਮਾਈਂਡ ਦੱਸਿਆ ਜਾ ਰਿਹਾ ਹੈ। ਜਰਮਨੀ ਵਿੱਚ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਜਾਂਚ ਏਜੰਸੀਆਂ ਵੱਲੋਂ ਪਿੰਡ ਵਿੱਚ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।
ਪਿੰਡ ਵਿੱਚ ਜਸਵਿੰਦਰ ਦੇ ਪਿਤਾ ਅਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਪੁੱਤਰ ਨੂੰ ਸਾਜ਼ਿਸ਼ ਤਹਿਤ ਫਸਾਇਆ ਜਾ ਰਿਹਾ ਹੈ। ਕਰੀਬ 20-25 ਸਾਲ ਪਹਿਲਾਂ ਉਸ ਨੇ ਆਪਣੀ ਨਿਆਂਈ ਵਾਲੀ ਤਿੰਨ ਏਕੜ ਜ਼ਮੀਨ ਤੇ ਦੁਕਾਨ ਵੇਚ ਕੇ ਜਸਵਿੰਦਰ ਨੂੰ ਵਿਦੇਸ਼ ਭੇਜਿਆ ਸੀ। ਮਗਰੋਂ ਉਸ ਦੀ ਭੈਣ ਬਿੰਦਰ ਕੌਰ ਤੇ ਛੋਟਾ ਭਰਾ ਸਾਹਿਬ ਸਿੰਘ ਵੀ ਉੱਥੇ ਚਲੇ ਗਏ। ਪਿੰਡ ਰਹਿੰਦਿਆਂ ਜਾਂ ਵਿਦੇਸ਼ ਵਿੱਚ ਉਸ ਦੀ ਕੋਈ ਸ਼ਿਕਾਇਤ ਨਹੀਂ ਆਈ। ਬੀਤੇ ਦਿਨ ਅਚਾਨਕ ਆਈ ਪੁਲੀਸ ਨੇ ਜਸਵਿੰਦਰ ਦੇ ਬੰਬ ਬਲਾਸਟ ਵਿੱਚ ਸ਼ਾਮਲ ਹੋਣ ਦਾ ਦਾਅਵਾ ਕਰ ਕੇ ਪੁੱਛ-ਪੜਤਾਲ ਕੀਤੀ ਹੈ ਅਤੇ ਉਸ ਨੇ ਸਭ ਕੁਝ ਸੱਚੋ-ਸੱਚ ਦੱਸ ਦਿੱਤਾ ਹੈ। ਉਸ ਨੇ ਕਿਹਾ ਕਿ ਉਸ ਕੋਲ ਫੋਨ ਨਾ ਹੋਣ ਕਾਰਨ ਪੁੱਤਰ ਨਾਲ ਲੰਮੇ ਸਮੇਂ ਤੋਂ ਕੋਈ ਰਾਬਤਾ ਨਹੀਂ ਹੈ।
ਜਾਣਕਾਰੀ ਅਨੁਸਾਰ ਜਸਵਿੰਦਰ ਸਿੰਘ ਦੀ ਮਾਤਾ ਕਮਲਜੀਤ ਕੌਰ ਦੀ ਕੁਝ ਸਮਾਂ ਪਹਿਲਾਂ ਮੌਤ ਹੋਣ ’ਤੇ ਪਿਤਾ ਇਕੱਲੇਪਣ ਦਾ ਸ਼ਿਕਾਰ ਹੋ ਕੇ ਮਾਨਸਿਕ ਪ੍ਰੇਸ਼ਾਨ ਰਹਿਣ ਲੱਗਾ ਹੈ। ਉਹ ਪਿੰਡ ਛੱਡ ਕੇ ਜਰਮਨੀ ਨਹੀਂ ਜਾਣਾ ਚਾਹੁੰਦਾ। ਉਸ ਦੀ ਰੋਟੀ-ਪਾਣੀ ਲਈ ਜਸਵਿੰਦਰ ਸਿੰਘ ਦਾ ਭਰਾ ਪਿੰਡ ਰਹਿੰਦੇ ਇੱਕ ਪਰਿਵਾਰ ਨੂੰ ਮਹੀਨਵਾਰ ਕੁਝ ਰਕਮ ਭੇਜਦਾ ਹੈ।
ਧਮਾਕੇ ’ਚ ਜਸਵਿੰਦਰ ਦੇ ਸ਼ਾਮਲ ਹੋਣ ਦੀ ਗੱਲ ਗਲੇ ਨਹੀਂ ਉੱਤਰ ਰਹੀ: ਸਰਪੰਚ
ਪਿੰਡ ਦੀ ਸਰਪੰਚ ਰਿੰਪੀ ਦੇਵੀ ਤੇ ਗੁਆਂਢੀ ਕਸ਼ਮੀਰ ਸਿੰਘ ਪਹਿਲਵਾਨ ਨੇ ਕਿਹਾ ਕਿ ਇਹ ਪਰਿਵਾਰ ਬੜਾ ਸਾਊ ਸੁਭਾਅ ਦਾ ਹੈ। ਕਦੇ ਥਾਣੇ ਜਾਣਾ ਤਾਂ ਦੂਰ ਦੀ ਗੱਲ ਪਿੰਡ ਦੀ ਪੰਚਾਇਤ ਵਿੱਚ ਵੀ ਇਸ ਪਰਿਵਾਰ ਦੀ ਸ਼ਿਕਾਇਤ ਨਹੀਂ ਆਈ। ਬੀਤੇ ਦਿਨ ਤੋਂ ਜਾਂਚ ਏਜੰਸੀਆਂ ਦੀ ਪਿੰਡ ਆਮਦ ਕਾਰਨ ਪਿੰਡ ਵਾਸੀਆਂ ਵਿੱਚ ਦਹਿਸ਼ਤ ਦਾ ਮਹੌਲ ਹੈ। ਉਸ ਦੇ ਬੰਬ ਧਮਾਕੇ ਵਿੱਚ ਸ਼ਾਮਲ ਹੋਣ ਦੀ ਗੱਲ ਲੋਕਾਂ ਦੇ ਗਲੇ ਨਹੀਂ ਉੱਤਰ ਰਹੀ।
ਜਸਵਿੰਦਰ ਖ਼ਿਲਾਫ਼ ਕੋਈ ਅਪਰਾਧਕ ਕੇਸ ਦਰਜ ਨਹੀਂ: ਡੀਐੱਸਪੀ
ਮੁਕੇਰੀਆਂ ਪੁਲੀਸ ਦੇ ਡੀਐੱਸਪੀ ਪਰਮਜੀਤ ਸਿੰਘ ਨੇ ਕਿਹਾ ਕਿ ਥਾਣੇ ਦੇ ਰਿਕਾਰਡ ਅਨੁਸਾਰ ਜਸਵਿੰਦਰ ਸਿੰਘ ਮੁਲਤਾਨੀ ਖ਼ਿਲਾਫ਼ ਕਈ ਅਪਰਾਧਕ ਕੇਸ ਦਰਜ ਨਹੀਂ ਹੈ। ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ’ਤੇ ਹਰ ਪਹਿਲੂ ਦੀ ਜਾਂਚ ਕੀਤੀ ਜਾ ਰਹੀ ਹੈ।
ਲੁਧਿਆਣਾ ਅਦਾਲਤੀ ਕੰਪਲੈਕਸ ’ਚੋਂ ਹਾਲੇ ਵੀ ਨਹੀਂ ਹਟਾਇਆ ਮਲਬਾ
ਲੁਧਿਆਣਾ (ਗਗਨਦੀਪ ਅਰੋੜਾ): ਲੁਧਿਆਣਾ ਦੇ ਅਦਾਲਤੀ ਕੰਪਲੈਕਸ ’ਚ ਧਮਾਕਾ ਹੋਣ ਤੋਂ ਪੰਜ ਦਿਨ ਬਾਅਦ ਵੀ ਘਟਨਾ ਸਥਾਨ ਤੋਂ ਮਲਬਾ ਨਹੀਂ ਹਟਾਇਆ ਗਿਆ। ਐੱਨਆਈਏ ਟੀਮ ਦੀਆਂ ਹਦਾਇਤਾਂ ’ਤੇ ਮਲਬਾ ਦੂਜੀ ਜਗ੍ਹਾ ’ਤੇ ਜ਼ਰੂਰ ਸੁੱਟਿਆ ਗਿਆ। ਕਿਸੇ ਨੂੰ ਵੀ ਉਥੇ ਜਾਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ। ਪੁਲੀਸ ਦਾ ਸਖ਼ਤ ਪਹਿਰਾ ਲਾਇਆ ਗਿਆ ਹੈ। ਸਿਰਫ਼ ਵਕੀਲਾਂ ਨੂੰ ਹੀ ਜਾਣ ਦੀ ਆਗਿਆ ਹੈ ਤੇ ਉਨ੍ਹਾਂ ਨੂੰ ਵੀ ਪਛਾਣ ਪੱਤਰ ਦਿਖਾਉਣਾ ਲਾਜ਼ਮੀ ਹੈ। ਐੱਨਆਈਏ ਦੀ ਟੀਮ ਹਾਲੇ ਵੀ ਘਟਨਾ ਸਥਾਨ ’ਤੇ ਜਾਂਚ ਕਰ ਰਹੀ ਹੈ। ਸੂਤਰਾਂ ਅਨੁਸਾਰ ਇਨ੍ਹਾਂ ਪੰਜ ਦਿਨਾਂ ਵਿੱਚ ਐੱਨਆਈਏ ਦੀਆਂ ਟੀਮਾਂ ਕਈ ਵਾਰ ਆ ਚੁੱਕੀਆਂ ਹਨ ਤੇ ਮਲਬਾ ਖੰਗਾਲ ਚੁੱਕੀਆਂ ਹਨ। ਜਾਂਚ ਦੌਰਾਨ ਉਨ੍ਹਾਂ ਨੂੰ ਕਈ ਸਬੂਤ ਮਿਲੇ ਹਨ। ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦੇ ਗਏ ਨਸ਼ਾ ਤਸਕਰ ਰਣਜੀਤ ਸਿੰਘ ਚੀਤਾ ਤੇ ਸੁਖਵਿੰਦਰ ਸਿੰਘ ਬਾਬਾ ਉਰਫ਼ ਬਾਕਸਰ ਤੋਂ ਵੀ ਟੀਮਾਂ ਲਗਤਾਰ ਪੁੱਛ-ਪੜਤਾਲ ਕਰ ਰਹੀਆਂ ਹਨ। ਸੂਤਰਾਂ ਅਨੁਸਾਰ ਪੁਲੀਸ ਨੂੰ ਇਨ੍ਹਾਂ ਕੋਲੋਂ ਵੀ ਕਈ ਅਹਿਮ ਸਬੂਤ ਮਿਲੇ ਹਨ।