ਪੱਤਰ ਪ੍ਰੇਰਕ
ਮਾਨਸਾ, 30 ਮਈ
ਮਾਨਸਾ ਕੈਂਚੀਆ ਦਾ ਮਸ਼ਹੂਰ ਮਨਸੁੱਖ ਢਾਬਾ ਵੀ ਮੀਡੀਆ ਦੀਆਂ ਸੁਰਖੀਆਂ ’ਚ ਆ ਗਿਆ ਹੈ। ਇਹ ਢਾਬਾ ਉਸ ਵੇਲੇ ਸੁਰਖੀਆਂ ਵਿੱਚ ਆਇਆ ਜਦੋਂ 7 ਮਸ਼ਕੂਕ ਵਿਅਕਤੀਆਂ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ’ਚ ਕੈਦ ਹੋਈਆਂ, ਜੋ ਕੱਲ੍ਹ ਸਵੇਰੇ 10 ਵਜੇ ਦੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ 7 ਮਸ਼ਕੂਕ ਪਹਿਲਾਂ ਅੰਦਰ ਬੈਠੇ ਨਜ਼ਰ ਆਉਂਦੇ ਹਨ, ਫਿਰ ਉਨ੍ਹਾਂ ਵਿਚੋਂ 6 ਵਿਅਕਤੀ ਬਾਹਰ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ, ਜਿਨ੍ਹਾਂ ਵਿੱਚੋਂ ਦੋ ਵਿਅਕਤੀ ਗੰਭੀਰਤਾ ਨਾਲ ਬਾਕੀਆਂ ਨੂੰ ਕੋਈ ਦਿਸ਼ਾ-ਨਿਰਦੇਸ਼ ਦਿੰਦੇ ਨਜ਼ਰ ਆ ਰਹੇ ਹਨ। ਮਨਸੁੱਖ ਢਾਬੇ ਦੇ ਮਾਲਕ ਨੇ ਬੇਸ਼ੱਕ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ, ਪਰ ਢਾਬੇ ਦੇ ਕਰਮਚਾਰੀ ਦੱਸਦੇ ਹਨ ਕਿ ਇਹ ਵਿਅਕਤੀ ਭੀਖੀ-ਸੁਨਾਮ ਵਾਲੇ ਪਾਸੇ ਤੋਂ ਆਏ ਸਨ, ਪਰ ਇਹ ਢਾਬੇ ਕੋਲ ਕੋਈ ਗੱਡੀ ਲੈ ਕੇ ਨਹੀਂ ਆਏ, ਪਰ ਜਾਣ ਵੇਲੇ ਦੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ।