ਜੋਗਿੰਦਰ ਸਿੰਘ ਮਾਨ
ਮਾਨਸਾ, 3 ਮਾਰਚ
ਯੂਕਰੇਨ ਤੋਂ ਪਰਤੇ ਮਾਨਸਾ ਦੇ ਇੱਕ ਨੌਜਵਾਨ ਅਤੇ ਤਿੰਨ ਲੜਕੀਆਂ ਨੇ ਦੋਸ਼ ਲਾਇਆ ਕਿ ਭਾਰਤ ਸਰਕਾਰ ਯੂਕਰੇਨ ਵਿੱਚ ਫਸੇ ਪੰਜਾਬੀ ਵਿਦਿਆਰਥੀਆਂ ਦੀ ਕੋਈ ਮਦਦ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਵਿਦਿਆਰਥੀ ਆਪਣੇ ਯਤਨਾਂ ਸਦਕਾ ਪੈਦਲ, ਬੱਸਾਂ ਅਤੇ ਗੱਡੀਆਂ ਦਾ ਸਹਾਰਾ ਲੈ ਕੇ ਨੇੜਲੇ ਦੇਸ਼ਾਂ ਵਿੱਚ ਪਹੁੰਚ ਰਹੇ ਹਨ। ਉਹ ਆਪਣੇ ਖ਼ਰਚੇ ’ਤੇ ਟਿਕਟ ਖ਼ਰੀਦ ਕੇ ਭਾਰਤ ਪੁੱਜੇ ਹਨ। ਉਨ੍ਹਾਂ ਮੁਤਾਬਕ ਹਾਲੇ ਵੀ 7000 ਭਾਰਤੀ ਵਿਦਿਆਰਥੀ ਸਰਹੱਦ ’ਤੇ ਫਸੇ ਹੋਏ ਹਨ।
ਮਾਨਸਾ ਦੇ ਕਾਰੋਬਾਰੀ ਵਿਜੈ ਨੰਦਗੜ੍ਹੀਆ ਦਾ ਪੁੱਤਰ ਮੁਕੇਸ਼ ਕੁਮਾਰ ਯੂਕਰੇਨ ਵਿੱਚ ਐੱਮਬੀਬੀਐੱਸ ਕਰਨ ਗਿਆ ਸੀ। ਉਹ ਯੂਕਰੇਨ ਦੇ ਬੀਨੀਪੀਡੀਆ ਸ਼ਹਿਰ ਵਿੱਚ ਰਹਿ ਰਿਹਾ ਸੀ। ਉਸ ਦੇ ਨਾਲ ਮਾਨਸਾ ਦੀ ਦੀਪਿਕਾ, ਮੁਸਕਾਨ ਅਤੇ ਬੁਢਲਾਡਾ ਕਸਬੇ ਦੀ ਉਲੀਸ਼ਾ ਵੀ ਆਪਣੀ ਹਿੰਮਤ ਨਾਲ ਹੀ ਘਰ ਪਰਤੀਆਂ ਹਨ।
ਮੁਕੇਸ਼ ਕੁਮਾਰ ਨੇ ਦੱਸਿਆ ਕਿ ਬੀਨੀਪੀਡੀਆ ਸ਼ਹਿਰ ਵਿੱਚ ਹੁਣ ਹਾਈ ਅਲਰਟ ਕਰ ਦਿੱਤਾ ਗਿਆ ਸੀ ਅਤੇ ਯੂਕਰੇਨ ਦੀਆਂ ਫ਼ੌਜੀ ਚੌਕੀਆਂ ਵੀ ਰੂਸ ਦੀ ਫ਼ੌਜ ਨੇ ਤਬਾਹ ਕਰ ਦਿੱਤੀਆਂ। ਉਸ ਨੇ ਦੱਸਿਆ ਕਿ ਉੱਥੇ ਕੋਈ ਵੀ ਵਿਅਕਤੀ ਖਾਸਕਰ ਭਾਰਤ ਸਰਕਾਰ ਦਾ ਕੋਈ ਨੁਮਾਇੰਦਾ ਉਨ੍ਹਾਂ ਦੀ ਸਾਰ ਲੈਣ ਨਹੀਂ ਪੁੱਜਿਆ।
ਉਸ ਨੇ ਦੱਸਿਆ ਕਿ ਉਹ ਖ਼ੁਦ ਪ੍ਰਬੰਧ ਕਰਕੇ ਪੋਲੈਂਡ ਦੀ ਸਰਹੱਦ ਤੱਕ ਪੁੱਜੇ ਅਤੇ ਪੋਲੈਂਡ ਪਹੁੰਚਣ ਮਗਰੋਂ ਪੱਲਿਓਂ ਟਿਕਟ ਖ਼ਰੀਦ ਕੇ ਘਰ ਪਰਤੇ ਹਨ। ਮੁਕੇਸ਼ ਨੇ ਦੱਸਿਆ ਕਿ ਕੁਝ ਵਿਦਿਆਰਥੀ ਆਪਣੇ ਬਲਬੂਤੇ ਪ੍ਰਬੰਧ ਕਰ ਕੇ ਉੱਥੋਂ ਨਿਕਲ ਆਏ, ਜਦ ਕਿ ਬਾਕੀ ਅਜੇ ਵੀ ਯੂਕਰੇਨ ਵਿੱਚ ਫਸੇ ਹੋਏ ਹਨ।
ਭਾਰਤ ਸਰਕਾਰ ਵੱਲੋਂ ਵਿਦਿਆਰਥੀਆਂ ਦੀ ਕੀਤੀ ਜਾ ਰਹੀ ਮਦਦ ’ਤੇ ਮੁਕੇਸ਼ ਨੇ ਕਿਹਾ ਕਿ ਸਭ ਕਹਿਣ-ਕਹਾਉਣ ਦੀਆਂ ਗੱਲਾਂ ਹਨ ਅਤੇ ਜੰਗ ਵਿੱਚ ਫਸੇ ਵਿਦਿਆਰਥੀਆਂ ਦੀ ਜੋ ਹਾਲਤ ਹੈ, ਉਸ ਨੂੰ ਬਿਆਨ ਕਰਨਾ ਵੀ ਔਖਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅੰਬੈਸੀ ਵੱਲੋਂ ਕਿਸੇ ਵੀ ਤਰ੍ਹਾਂ ਦੀ ਮਦਦ ਨਹੀਂ ਦਿੱਤੀ ਗਈ ਅਤੇ ਨਾ ਹੀ ਉਨ੍ਹਾਂ ਦੇ ਖਾਣ-ਪੀਣ ਦਾ ਪ੍ਰਬੰਧ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨਾਲ ਬਾਰਡਰਾਂ ’ਤੇ ਕੁੱਟਮਾਰ ਵੀ ਹੁੰਦੀ ਹੈ ਅਤੇ ਉਥੇ ਅੰਬੈਸੀ ਦੇ ਅਧਿਕਾਰੀ ਨਾ ਹੋਣ ਕਾਰਨ ਅਜਿਹਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਝੂਠਾ ਪ੍ਰਚਾਰ ਛੱਡ ਕੇ ਹਕੀਕਤ ਵਿੱਚ ਉਨ੍ਹਾਂ ਵਿਦਿਆਰਥੀਆਂ ਨੂੰ ਵਤਨ ਲਿਆਉਣ ਲਈ ਤੁਰੰਤ ਸਖ਼ਤ ਕਦਮ ਚੁੱਕੇ।
ਉਧਰ ਯੂਕਰੇਨ ਵਿੱਚੋਂ ਅੱਜ ਪਰਤੇ ਮਾਨਸਾ ਦੇ ਸੰਦੀਪ ਨੇ ਭਾਰਤ ਸਰਕਾਰ ਦੀ ਅੰਬੈਸੀ ’ਤੇ ਵੀ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਹੈ ਕਿ ਅੰਬੈਸੀ ਵੱਲੋਂ ਕਿਸੇ ਵੀ ਤਰ੍ਹਾਂ ਦੀ ਵਿਦਿਆਰਥੀਆਂ ਨੂੰ ਮਦਦ ਨਹੀਂ ਦਿੱਤੀ ਜਾ ਰਹੀ, ਜਿਸ ਕਾਰਨ ਉਹ ਖੁਦ ਹੰਭਲਾ ਮਾਰ ਕੇ ਮਾਨਸਾ ਪਹੁੰਚੇ ਹਨ।
ਨਵਨੀਤ ਕੌਰ ਦੇ ਰਾਜਪੁਰਾ ਪਰਤਣ ’ਤੇ ਮਾਪੇ ਖੁਸ਼
ਰਾਜਪੁਰਾ (ਬਹਾਦਰ ਸਿੰਘ ਮਰਦਾਂਪੁਰ): ਯੂਕਰੇਨ ਵਿੱਚ ਐੱਮਬੀਬੀਐੱਸ ਦੇ ਛੇਵੇਂ ਵਰ੍ਹੇ ਦੀ ਪੜ੍ਹਾਈ ਕਰ ਰਹੀ ਇਥੋਂ ਦੀ ਵਸਨੀਕ ਨਵਨੀਤ ਕੌਰ ਪੁੱਤਰੀ ਭਜਨ ਸਿੰਘ ਬੀਤੀ ਦੇਰ ਸ਼ਾਮ ਘਰ ਪਰਤ ਆਈ। ਨਵਨੀਤ ਕੌਰ ਨੇ ਦੱਸਿਆ ਕਿ ਇਸ ਸਾਲ ਜੂਨ ਮਹੀਨੇ ਉਸ ਨੂੰ ਡਿਗਰੀ ਮਿਲਣੀ ਸੀ ਪਰ ਜੰਗ ਕਾਰਨ ਮਾਹੌਲ ਖਰਾਬ ਹੋ ਗਿਆ ਅਤੇ ਉਸ ਨੂੰ ਘਰ ਪਰਤਣਾ ਪਿਆ। ਨਵਨੀਤ ਨੇ ਦੱਸਿਆ ਕਿ ਭਾਰਤੀ ਵਿਦਿਆਰਥੀਆਂ ਨੂੰ ਲਿਜਾ ਰਹੀ ਜਿਹੜੀਆਂ ਬੱਸਾਂ ’ਤੇ ਤਿਰੰਗਾ ਲੱਗਿਆ ਹੋਇਆ ਸੀ, ਉਨ੍ਹਾਂ ਨੂੰ ਗੁਆਂਢੀ ਦੇਸ਼ਾਂ ਵਿੱਚ ਜਾਣ ’ਚ ਬਹੁਤੀ ਦਿੱਕਤ ਨਹੀਂ ਆਈ। ਉਸ ਨੇ ਦੱਸਿਆ ਕਿ ਉਸ ਦੇ ਭਾਰਤ ਪਰਤਣ ਲਈ ਜਹਾਜ਼ ਦੀ ਟਿਕਟ ਦਾ ਖਰਚਾ ਸਰਕਾਰ ਵੱਲੋਂ ਹੀ ਕੀਤਾ ਗਿਆ ਹੈ। ਨਵਨੀਤ ਕੌਰ ਦੇ ਪਿਤਾ ਭਜਨ ਸਿੰਘ ਨੇ ਉਨ੍ਹਾਂ ਦੀ ਪੁੱਤਰੀ ਨਵਨੀਤ ਕੌਰ ਦੇ ਸੁਰੱਖਿਅਤ ਭਾਰਤ ਪਰਤਣ ’ਤੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਅਤੇ ਮੰਗ ਕੀਤੀ ਕਿ ਯੂਕਰੇਨ ਵਿੱਚ ਫਸੇ ਸਾਰੇ ਭਾਰਤੀਆਂ ਨੂੰ ਸੁਰੱਖਿਅਤ ਵਾਪਸ ਲਿਆਂਦਾ ਜਾਵੇ।