ਜੋਗਿੰਦਰ ਸਿੰਘ ਮਾਨ
ਮਾਨਸਾ, 23 ਸਤੰਬਰ
ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਮੁਲਜ਼ਮਾਂ ਦੀ ਪੁਲੀਸ ਹਿਰਾਸਤ ਖ਼ਤਮ ਹੋਣ ਮਗਰੋਂ ਅਦਾਲਤ ਵਿੱਚ ਪੇਸ਼ ਕਰਨ ਵਿੱਚ ਤਿੰਨ ਘੰਟੇ ਤੋਂ ਵੱਧ ਦੇਰੀ ਲਈ ਅਦਾਲਤ ਨੇ ਜ਼ਿਲ੍ਹਾ ਪੁਲੀਸ ਦੀ ਖਿਚਾਈ ਕੀਤੀ। ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ’ਚ ਦੀਪਕ ਮੁੰਡੀ ਅਤੇ ਉਸ ਦੇ ਦੋ ਸਾਥੀਆਂ ਕਪਿਲ ਪੰਡਿਤ ਤੇ ਰਜਿੰਦਰ ਉਰਫ ਜੋਕਰ ਦਾ ਰਿਮਾਂਡ ਖਤਮ ਹੋਣ ਮਗਰੋਂ ਉਨ੍ਹਾਂ ਨੂੰ ਦੁਪਹਿਰ 2 ਵਜੇ ਤੱਕ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਸੀ, ਪਰ ਮਾਨਸਾ ਪੁਲੀਸ ਸ਼ਾਮ 5 ਵਜੇ ਮੁਲਜ਼ਮਾਂ ਨਾਲ ਅਦਾਲਤ ਵਿੱਚ ਪੇਸ਼ ਹੋਈ। ਇਸ ਤੋਂ ਬਾਅਦ ਜੁਡੀਸ਼ੀਅਲ ਮੈਜਿਸਟਰੇਟ ਦਲਜੀਤ ਕੌਰ ਦੀ ਅਦਾਲਤ ਨੇ ਇਸ ਦੇਰੀ ਲਈ ਜ਼ਿਲ੍ਹਾ ਪੁਲੀਸ ਤੋਂ ਸਪੱਸ਼ਟੀਕਰਨ ਮੰਗਿਆ ਅਤੇ ਮਾਨਸਾ ਦੇ ਸੀਨੀਅਰ ਪੁਲੀਸ ਕਪਤਾਨ ਗੌਰਵ ਤੂਰਾ ਨੂੰ ਵੀ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ। ਸੂਤਰਾਂ ਅਨੁਸਾਰ ਅੰਮ੍ਰਿਤਸਰ ਪੁਲੀਸ ਨੇ ਮਾਨਸਾ ਪੁਲੀਸ ਨੂੰ ਸੂਚਿਤ ਕੀਤਾ ਸੀ ਕਿ ਮੁਲਜ਼ਮ ਕਤਲ ਕੇਸ ਵਿੱਚ ਲੋੜੀਂਦੇ ਹਨ। ਸੂਤਰਾਂ ਨੇ ਕਿਹਾ, ‘ਦੇਰੀ ਇਸ ਲਈ ਹੋਈ, ਕਿਉਂਕਿ ਅੰਮ੍ਰਿਤਸਰ ਪੁਲੀਸ ਮਾਨਸਾ ਪਹੁੰਚਣ ਵਿੱਚ ਦੇਰੀ ਨਾਲ ਸੀ, ਜਿਸ ਤੋਂ ਬਾਅਦ ਜ਼ਿਲ੍ਹਾ ਪੁਲੀਸ ਨੇ ਕੁਝ ਘੰਟੇ ਉਡੀਕ ਕੀਤੀ।’ ਇੱਕ ਹੋਰ ਮੁਲਜ਼ਮ ਬਿੱਟੂ ਸਿੰਘ ਦਾ ਅੱਜ ਛੇ ਦਿਨ ਦਾ ਪੁਲੀਸ ਰਿਮਾਂਡ ਖਤਮ ਹੋਣ ਤੋਂ ਬਾਅਦ ਉਸ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਮੂਸੇਵਾਲਾ ਕਤਲ ਕਾਂਡ ਦੇ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਵੀ ਇਸ ਕੇਸ ਦੇ ਮੁੱਖ ਮੁਲਜ਼ਮ ਹਨ। ਇਸੇ ਦੌਰਾਨ ਅੰਮ੍ਰਿਤਸਰ ਪੁਲੀਸ ਨੇ ਮੁੰਡੀ ਅਤੇ ਹੋਰ ਦੋ ਮੁਲਜ਼ਮਾਂ ਦਾ ਟਰਾਂਜ਼ਿਟ ਰਿਮਾਂਡ ਮੰਗਿਆ ਸੀ ਪਰ ਮਾਨਸਾ ਅਦਾਲਤ ਨੇ ਰਿਮਾਂਡ ਦੀ ਮਨਜ਼ੂਰੀ ਨਹੀਂ ਦਿੱਤੀ।
ਬੰਬੀਹਾ ਨੇ ਗਰੋਹ ’ਚ ਭਰਤੀ ਲਈ ਸ਼ੋਸਲ ਮੀਡੀਆ ’ਤੇ ਪਾਈ ਪੋਸਟ
ਮਾਨਸਾ (ਪੱਤਰ ਪ੍ਰੇਰਕ): ਪੰਜਾਬ ਵਿੱਚ ਨੌਜਵਾਨਾਂ ਨੂੰ ਆਪਣੇ ਗੈਂਗ ਨਾਲ ਜੋੜਨ ਲਈ ਬੰਬੀਹਾ ਗੈਂਗ ਨੇ ਫੇਸਬੁੱਕ ’ਤੇ ਪੋਸਟ ਪਾ ਕੇ ਵਟਸਐਪ ਨੰਬਰ ਜਾਰੀ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਲਤਾਨ ਦਵਿੰਦਰ ਬੰਬੀਹਾ ਗਰੁੱਪ ਦੇ ਅਕਾਊਂਟ ਤੋਂ ਇੱਕ ਪੋਸਟ ਪਾਈ ਗਈ ਹੈ, ਜਿਸ ਵਿੱਚ ਲਿਖਿਆ ਗਿਆ ਹੈ ਕਿ ਜਿਹੜੇ ਭਰਾ ਗੈਂਗ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ, ਉਹ ਦਿੱਤੇ ਹੋਏ ਵਟਸਐਪ ਨੰਬਰ ’ਤੇ ਸੰਪਰਕ ਕਰਨ।
ਲਾਰੈਂਸ ਦੇ ਵਕੀਲ ਨੇ ਝੂਠੇ ਮੁਕਾਬਲੇ ਦਾ ਖ਼ਦਸ਼ਾ ਪ੍ਰਗਟਾਇਆ
ਬਠਿੰਡਾ (ਪੱਤਰ ਪ੍ਰੇਰਕ): ਗਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਵਕੀਲ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਭਲਕੇ ਜਦੋਂ ਲਾਰੈਂਸ ਨੂੰ ਟਰਾਂਜ਼ਿਟ ਰਿਮਾਂਡ ’ਤੇ ਚਲਦਿਆਂ ਬਠਿੰਡਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤਾਂ ਪੰਜਾਬ ਪੁਲੀਸ ਉਸ ਦਾ ਕਥਿਤ ਤੌਰ ’ਤੇ ਝੂਠਾ ਐਨਕਾਊਂਟਰ ਕਰ ਸਕਦੀ ਹੈ ਜਾਂ ਉਸ ਦੇ ਵਿਰੋਧੀ ਗੈਂਗ ਉਸ ’ਤੇ ਹਮਲਾ ਕਰ ਸਕਦੇ ਹਨ। ਉਨ੍ਹਾਂ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਪਹਿਲਾਂ ਹੀ ਕੇਂਦਰੀ ਏਜੰਸੀਆਂ ਵੱਲੋਂ ਪੰਜਾਬ ਸਰਕਾਰ ਨੂੰ ਸੂਚਿਤ ਕੀਤਾ ਗਿਆ ਹੈ ਕਿ ਲਾਰੈਂਸ ’ਤੇ ਹਮਲਾ ਹੋ ਸਕਦਾ ਹੈ।