ਜੋਗਿੰਦਰ ਸਿੰਘ ਮਾਨ
ਮਾਨਸਾ, 16 ਦਸੰਬਰ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ 10 ਦਸੰਬਰ ਨੂੰ ਮਾਨਸਾ ਵਿੱਚ ਹੋਈ ਰੈਲੀ ਦੌਰਾਨ ਇੱਕ ਡੀਐੱਸਪੀ ਵੱਲੋਂ ਹੱਕ ਮੰਗਣ ਆਏ ਬੇਰੁਜ਼ਗਾਰ ਅਧਿਆਪਕਾਂ ’ਤੇ ਕੀਤੇ ਗਏ ਲਾਠੀਚਾਰਜ ਸਬੰਧੀ ਚੱਲ ਰਹੀ ਜਾਂਚ ਦੀ ਅਗਲੀ ਸੁਣਵਾਈ 17 ਦਸੰਬਰ ਨੂੰ ਮਾਨਸਾ ਵਿੱਚ ਹੋਵੇਗੀ। ਇਸ ਤੋਂ ਪਹਿਲਾਂ ਇਹ ਸੁਣਵਾਈ ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਵੱਲੋਂ ਵਧੀਕ ਜ਼ਿਲ੍ਹਾ ਮੈਜਿਸਟਰੇਟ ਸੰਗਰੂਰ ਅਨਮੋਲ ਸਿੰਘ ਧਾਲੀਵਾਲ ਵੱਲੋਂ ਪੜਤਾਲੀਆ ਅਫ਼ਸਰ ਤਹਿਤ ਬੀਤੇ ਕੱਲ੍ਹ ਕੀਤੀ ਗਈ ਸੀ। ਇਸ ਸੁਣਵਾਈ ਦੌਰਾਨ ਬਿਆਨ ਦਰਜ ਕਰਵਾਉਣ ਤੋਂ ਰਹਿ ਗਏ ਜਥੇਬੰਦਕ ਆਗੂਆਂ ਦੇ ਬਿਆਨ ਹੁਣ ਭਲਕੇ ਬਾਅਦ ਦੁਪਹਿਰ 2.30 ਤੋਂ ਸ਼ਾਮ 4 ਵਜੇ ਤੱਕ ਦਰਜ ਕੀਤੇ ਜਾਣਗੇ।
ਇਸੇ ਦੌਰਾਨ ਮਾਨਸਾ ਵਿੱਚ ਅੱਜ ਸਰਕਾਰੀ ਜਬਰ ਵਿਰੋਧੀ ਐਕਸ਼ਨ ਕਮੇਟੀ ਦੀ ਅਗਵਾਈ ਹੇਠ ਜ਼ਿਲ੍ਹੇ ਦੀਆਂ ਸਮੂਹ ਜਨਤਕ ਜਥੇਬੰਦੀਆਂ ਨੇ ਲਾਠੀਚਾਰਜ ਕਰਨ ਵਾਲੇ ਡੀਐੱਸਪੀ ਖ਼ਿਲਾਫ਼ ਰੈਲੀ ਕੱਢੀ ਤੇ ਰੋਸ ਮਾਰਚ ਕੀਤਾ। ਇਕੱਠ ਨੂੰ ਸੰਬੋਧਨ ਕਰਦਿਆਂ ਡੀਟੀਐੱਫ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਤਾਮਕੋਟ ਨੇ ਕਿਹਾ ਕਿ ਉਕਤ ਡੀਐੱਸਪੀ ਨੂੰ ਬਰਖ਼ਾਸਤ ਕਰ ਕੇ ਉਸ ਉਪਰ 307 ਦਾ ਪਰਚਾ ਦਰਜ ਕੀਤਾ ਜਾਵੇ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਜਿਸ ਵੇਲੇ ਪੁਲੀਸ ਵੈਨ ’ਚ ਸ਼ਾਂਤ ਬੈਠੇ ਬੇਰੁਜ਼ਗਾਰ ਅਧਿਆਪਕਾਂ ’ਤੇ ਡੀਐੱਸਪੀ ਹੁੱਜਾਂ ਮਾਰ ਰਿਹਾ ਸੀ, ਉਸ ਸਮੇਂ ਪੰਜਾਬ ਦਾ ਮੁੱਖ ਮੰਤਰੀ ਚੁੱਪ-ਚਾਪ ਇਹ ਸਭ ਕੁਝ ਦੇਖ ਰਿਹਾ ਸੀ। ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਖੋਖਰ ਨੇ ਮੰਗ ਕੀਤੀ ਕਿ 2364 ਅਤੇ 6635 ਭਰਤੀ ਜਲਦੀ ਤੋਂ ਜਲਦੀ ਪੂਰੀ ਕੀਤੀ ਜਾਵੇ।