ਜੋਗਿੰਦਰ ਸਿੰਘ ਮਾਨ
ਮਾਨਸਾ, 23 ਦਸੰਬਰ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਲੰਘੀ 10 ਦਸੰਬਰ ਨੂੰ ਮਾਨਸਾ ’ਚ ਹੋਈ ਰੈਲੀ ਦੌਰਾਨ ਬੇਰੁਜ਼ਗਾਰ ਅਧਿਆਪਕਾਂ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਵਾਲੇ ਡੀਐੱਸਪੀ ਖ਼ਿਲਾਫ਼ ਮੈਜਿਸਟ੍ਰੇਟੀ ਜਾਂਚ ਵਿੱਚ ਵੀ ਵੇਲੇ ਸਿਰ ਇਨਸਾਫ਼ ਨਾ ਮਿਲਣ ਕਾਰਨ ਬੇਰੁਜ਼ਗਾਰ ਅਧਿਆਪਕਾਂ ਅਤੇ ਭਰਾਤਰੀ ਜਥੇਬੰਦੀਆਂ ’ਚ ਰੋਸ ਵਧਣ ਲੱਗਾ ਹੈ। ਇਸੇ ਦੌਰਾਨ ਅੱਜ ਬੀਕੇਯੂ ਏਕਤਾ (ਉਗਰਾਹਾਂ) ਨਾਲ ਮੀਟਿੰਗ ’ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਯੂਨੀਅਨ ਨੂੰ ਭਰੋਸਾ ਦਿੱਤਾ ਹੈ ਕਿ ਬੇਰੁਜ਼ਗਾਰ ਅਧਿਆਪਕਾਂ ’ਤੇ ਲਾਠੀਚਾਰਜ ਕਰਨ ਵਾਲੇ ਡੀਐੱਸਪੀ ਵਿਰੁੱਧ ਦੋ ਦਿਨਾਂ ’ਚ ਕੇਸ ਦਰਜ ਕਰਕੇ ਉਸ ਨੂੰ ਮੁਅੱਤਲ ਕਰ ਦਿੱਤਾ ਜਾਵੇਗਾ।
ਕੁੱਟਮਾਰ ਦਾ ਸ਼ਿਕਾਰ ਆਗੂਆਂ ਗਗਨਦੀਪ ਕੌਰ ਖਿਆਲਾ, ਬੇਅੰਤ ਕੌਰ ਡੇਲੂਆਣਾ, ਬੱਗਾ ਸਿੰਘ ਖੁਡਾਲ, ਕੁਲਵੰਤ ਸਿੰਘ ਬੁਢਲਾਡਾ, ਗੁਲਜ਼ਾਰ ਸਿੰਘ ਫੁੱਲੂਵਾਲਾ ਆਦਿ ਨੇ ਕਿਹਾ ਕਿ ਡੀਐੱਸਪੀ ਖ਼ਿਲਾਫ਼ ਸਰਕਾਰ ਵੱਲੋਂ ਵੱਟੀ ਚੁੱਪ ਨੂੰ ਉਹ ਬਰਦਾਸ਼ਤ ਨਹੀਂ ਕਰਨਗੇ ਅਤੇ ਭਰਾਤਰੀ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਅਗਲਾ ਸੰਘਰਸ਼ ਉਲੀਕਣਗੇ।
ਦੂਜੇ ਪਾਸੇ ਏਡੀਸੀ ਸੰਗਰੂਰ ਅਨਮੋਲ ਸਿੰਘ ਧਾਲੀਵਾਲ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ-ਪੜਤਾਲ ਗੰਭੀਰਤਾ ਨਾਲ ਪੂਰੀ ਕਰਕੇ ਰਿਪੋਰਟ ਜਲਦੀ ਹੀ ਪੰਜਾਬ ਸਰਕਾਰ ਨੂੰ ਭੇਜਣਗੇ।