ਜੋਗਿੰਦਰ ਸਿੰਘ ਮਾਨ
ਮਾਨਸਾ, 14 ਅਗਸਤ
ਸੀਨੀਅਰ ਕਾਂਗਰਸੀ ਆਗੂ ਅਤੇ ਜ਼ਿਲ੍ਹਾ ਪਰਿਸ਼ਦ ਮਾਨਸਾ ਦੇ ਚੇਅਰਮੈਨ ਵਿਕਰਮ ਸਿੰਘ ਮੋਫ਼ਰ ਸਮੇਤ ਪੰਜ ਜਣਿਆਂ ਉਤੇ ਮਾਨਸਾ ਜ਼ਿਲ੍ਹੇ ਦੇ ਬੋਹਾ ਪੁਲੀਸ ਸਟੇਸ਼ਨ ਵਿਖੇ ਇਰਾਦਾ ਕਤਲ ਸਮੇਤ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲੀਸ ਨੇ ਇਸ ਮਾਮਲੇ ਵਿਚ ਦਰਜ ਕੀਤੀ ਗਈ ਐੱਫਆਈਆਰ ਅਨੁਸਾਰ ਵਿਕਰਮ ਸਿੰਘ ਮੋਫ਼ਰ ਸਮੇਤ ਗੁਰਕੀਰਤ ਸਿੰਘ, ਗੋਬਿੰਦਰ ਸਿੰਘ, ਜਗਸੀਰ ਸਿੰਘ, ਗੁਰਪਿਆਰ ਸਿੰਘ ਉਤੇ ਧਾਰਾ 307,353,332,186,186,506,25,27 ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਬੋਹਾ ਦੇ ਪੁਲੀਸ ਮੁਖੀ ਹਰਭਜਨ ਸਿੰਘ ਅਨੁਸਾਰ ਇਸ ਮਾਮਲੇ ਵਿਚ ਮੁਲਜ਼ਮਾਂ ਨੇ ਪੁਲੀਸ ਨਾਲ ਬਹਿਸ ਕਰਦਿਆਂ ਹੱਥੋਪਾਈ ਕੀਤੀ, ਜਿਸ ਦੌਰਾਨ ਤਿੰਨ ਪੁਲੀਸ ਮੁਲਾਜ਼ਮ ਮਾਮੂਲੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਪੁਲੀਸ ਅਧਿਕਾਰੀ ਅਨੁਸਾਰ ਪੁਲੀਸ ਕੋਲ ਅੱਕਾਂਵਾਲੀ ਪਿੰਡ ਦੇ ਮਨਪ੍ਰੀਤ ਸਿੰਘ ਮਨੀ ਨੇ ਮਾਮਲਾ ਦਰਜ ਕਰਵਾਇਆ ਕਿ ਉਨ੍ਹਾਂ ਦੇ ਪਿੰਡ ਮੋਟਰ ਉਤੇ ਗ਼ਲਤ ਵਿਅਕਤੀ ਬੈਠੇ ਹਨ, ਜਿਸ ਤੋਂ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ। ਪੁਲੀਸ ਮੁਤਾਬਕ ਜਦੋਂ ਉਹ ਮਿਥੇ ਥਾਂ ਉਤੇ ਪੁੱਜੇ ਤਾਂ ਉਥੇ ਮੌਜੂਦ ਸਾਰਿਆਂ ਨੇ ਉਨ੍ਹਾਂ ਨਾਲ ਗਲਤ ਰਵੱਈਆਂ ਅਖਤਿਆਰ ਕੀਤਾ ਅਤੇ ਉਨ੍ਹਾਂ ਉਪਰ ਫਾਇਰ ਕਰਕੇ ਵਰਦੀ ਪਾੜੀ ਅਤੇ ਧੱਕਾਮੁੱਕੀ ਕੀਤੀ। ਪੁਲੀਸ ਨੇ ਤਿੰਨ ਨੂੰ ਇਸ ਮਾਮਲੇ ਵਿਚ ਹਿਰਾਸਤ ਲੈਣ ਦਾ ਅੱਜ ਸਵੇਰੇ ਦਾਅਵਾ ਕੀਤਾ ਹੈ, ਜਦੋਂ ਕਿ ਇਹ ਘਟਨਾ ਬੀਤੀ ਰਾਤ ਦੀ ਦੱਸੀ ਜਾਂਦੀ ਹੈ।ਜ਼ਿਕਰਯੋਗ ਹੈ ਕਿ ਵਿਕਰਮ ਸਿੰਘ ਮੋਫ਼ਰ ਲੋਕ ਸਭਾ ’ਚ ਕਾਂਗਰਸ ਦੇ ਨੇਤਾ ਰਵਨੀਤ ਸਿੰਘ ਬਿੱਟੂ ਦਾ ਸਕਾ ਜੀਜਾ ਹੈ ਅਤੇ ਸੀਨੀਅਰ ਕਾਂਗਰਸੀ ਨੇਤਾ ਅਜੀਤ ਇੰਦਰ ਸਿੰਘ ਮੋਫ਼ਰ ਦਾ ਬੇਟਾ ਹੈ। ਉਸ ਨੇ ਇਸ ਵਾਰ ਸਰਦੂਲਗੜ੍ਹ ਹਲਕੇ ਤੋਂ ਵਿਧਾਨ ਸਭਾ ਦੀ ਚੋਣ ਲੜੀ ਸੀ। ਉਧਰ ਵਿਕਰਮ ਸਿੰਘ ਮੋਫ਼ਰ ਨੇ ਪੁਲੀਸ ਦੀ ਸਾਰੀ ਕਹਾਣੀ ਨੂੰ ਗ਼ਲਤ ਅਤੇ ਇੱਕਪਾਸੜ ਦੱਸਿਆ ਹੈ। ਉਨ੍ਹਾਂ ਕਿਹਾ ਕਿ ਰਾਜਸੀ ਬਦਲਾਖੋਰੀ ਤਹਿਤ ਮਾਮਲਾ ਦਰਜ ਕਰਵਾਇਆ ਗਿਆ ਹੈ ਅਤੇ ਇਸ ਦੀ ਸ਼ਿਕਾਇਤ ਉਹ ਪੰਜਾਬ ਪੁਲੀਸ ਦੇ ਮੁਖੀ ਕੋਲ ਕਰ ਰਹੇ ਹਨ।