ਪੰਜਾਬ ਦਾ ਬਜਟ ਕਿਸਾਨਾਂ ਨੂੰ ਸਮਰਪਿਤ

ਮਨਪ੍ਰੀਤ ਨੇ ਖੋਲ੍ਹੀ ਸੌਗਾਤਾਂ ਦੀ ਪੋਟਲੀ

ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਸਾਰੇ ਵਰਗਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼

ਮਨਪ੍ਰੀਤ ਨੇ ਖੋਲ੍ਹੀ ਸੌਗਾਤਾਂ ਦੀ ਪੋਟਲੀ

ਬਜਟ ਦੇ ਮੁੱਖ ਨੁਕਤੇ

  •  ਸਰਕਾਰੀ ਬੱਸਾਂ ਵਿਚ ਔਰਤਾਂ ਅਤੇ ਵਿਦਿਆਰਥੀਆਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ
  •  ਕਿਸਾਨੀ ਕਰਜ਼ਿਆਂ ’ਤੇ ਲੀਕ ਲਈ 1186 ਕਰੋੜ ਰੁਪੲੇ ਦਾ ਪ੍ਰਬੰਧ
  •  ਬੁਢਾਪਾ ਪੈਨਸ਼ਨ 750 ਰੁਪਏ ਤੋਂ ਵਧਾ ਕੇ 1500 ਰੁਪਏ ਕੀਤੀ
  •  ਆਸ਼ੀਰਵਾਦ ਸਕੀਮ ਤਹਿਤ ਰਕਮ ਵਧਾ ਕੇ 51 ਹਜ਼ਾਰ ਰੁਪਏ ਕੀਤੀ
  •  ਛੇਵਾਂ ਪੇਅ ਕਮਿਸ਼ਨ ਪਹਿਲੀ ਜੁਲਾਈ 2021 ਤੋਂ ਹੋਵੇਗਾ ਲਾਗੂ
  •  48,989 ਅਸਾਮੀਆਂ ਭਰਨ ਦਾ ਕੀਤਾ ਐਲਾਨ
  •  ਕਪੂਰਥਲਾ ਤੇ ਹੁਸ਼ਿਆਰਪੁਰ ’ਚ ਦੋ ਨਵੇਂ ਮੈਡੀਕਲ ਕਾਲਜ ਖੋਲ੍ਹਣ ਦਾ ਐਲਾਨ

ਚਰਨਜੀਤ ਭੁੱਲਰ

ਚੰਡੀਗੜ੍ਹ, 8 ਮਾਰਚ

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਆਪਣੇ ਕਾਰਜਕਾਲ ਦਾ ਅੱਜ 1,68,015 ਕਰੋੜ ਰੁਪਏ ਦਾ ਆਖਰੀ ਬਜਟ ਪੇਸ਼ ਕੀਤਾ। ਬਜਟ ’ਚ ਖੇਤੀਬਾੜੀ, ਸ਼ਹਿਰੀ ਵਿਕਾਸ, ਜਲ ਸਰੋਤਾਂ, ਸਿਹਤ, ਮੁਲਾਜ਼ਮਾਂ ਅਤੇ ਹੋਰ ਖੇਤਰਾਂ ’ਤੇ ਧਿਆਨ ਦਿੱਤਾ ਗਿਆ ਹੈ। ਮਹਿਲਾਵਾਂ ਦੇ ਸਰਕਾਰੀ ਬੱਸਾਂ ’ਚ ਸਫ਼ਰ ਕਰਨ ’ਤੇ ਕੋਈ ਟਿਕਟ ਨਹੀਂ ਲੱਗੇਗੀ। ਬਜਟ ’ਚ ਕੋਈ ਵੀ ਨਵਾਂ ਟੈਕਸ ਨਹੀਂ ਲਾਇਆ ਗਿਆ ਹੈ। ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਸੂਬੇ ਦਾ ਬਜਟ ਸਮਰਪਿਤ ਕਰਦਿਆਂ ਕਿਸਾਨਾਂ ਦੀ ਭਲਾਈ ਲਈ 17051 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਹੈ। ‘ਫਸਲੀ ਕਰਜ਼ਾ ਮੁਆਫੀ ਸਕੀਮ’ ਤਹਿਤ ਵਰ੍ਹੇ 2021-22 ਦੌਰਾਨ ਅਗਲੇ ਪੜਾਅ ਤਹਿਤ 1.13 ਲੱਖ ਕਿਸਾਨਾਂ ਦਾ 1186 ਕਰੋੜ ਰੁਪਏ ਦਾ ਕਰਜ਼ਾ ਅਤੇ ਬੇਜ਼ਮੀਨੇ ਖੇਤ ਮਜ਼ਦੂਰਾਂ ਦਾ 526 ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕਰਨ ਲਈ ਕੁੱਲ 1712 ਕਰੋੜ ਰੁਪਏ ਬਜਟ ਵਿਚ ਰੱਖੇ ਗਏ ਹਨ। ਸ੍ਰੀ ਮਨਪ੍ਰੀਤ ਬਾਦਲ ਨੇ ਸਰਕਾਰੀ ਮੁਲਾਜ਼ਮਾਂ ਲਈ ਛੇਵੇਂ ਪੇਅ ਕਮਿਸ਼ਨ ਦੀਆਂ ਸਿਫਾਰਿਸ਼ਾਂ ਪਹਿਲੀ ਜੁਲਾਈ ਤੋਂ ਲਾਗੂ ਕਰਨ ਅਤੇ ਕਿਸਾਨਾਂ ਲਈ 3780 ਕਰੋੜ ਰੁਪਏ ਦੀ ਯੋਜਨਾ ‘ਕਾਮਯਾਬ ਕਿਸਾਨ ਖੁਸ਼ਹਾਲ ਪੰਜਾਬ’ ਦਾ ਐਲਾਨ ਕੀਤਾ ਹੈ। ਸਾਲ 2021-22 ਲਈ ਇਸ ਸਕੀਮ ਤਹਿਤ 1104 ਕਰੋੜ ਦਾ ਬਜਟ ’ਚ ਪ੍ਰਬੰਧ ਕੀਤਾ ਗਿਆ ਹੈ। ਇਸ ਨਵੀਂ ਸਕੀਮ ਤਹਿਤ ਫਾਜ਼ਿਲਕਾ ਦੇ ਪਿੰਡ ਗੋਬਿੰਦਗੜ੍ਹ ’ਚ 10 ਕਰੋੜ ਦੀ ਲਾਗਤ ਨਾਲ ਸਬਜ਼ੀਆਂ ਦਾ ਅਤਿ ਆਧੁਨਿਕ ਕੇਂਦਰ, 80 ਕਰੋੜ ਦੀ ਲਾਗਤ ਨਾਲ ਹਰ ਜ਼ਿਲ੍ਹੇ ਵਿਚ ਘੱਟੋ ਘੱਟ ਇੱਕ ਬਾਗਬਾਨੀ ਮਿਲਖ, ਦਰਿਆਵਾਂ ਦੇ ਗੰਦੇ ਪਾਣੀ ਨੂੰ ਸ਼ੁੱਧ ਕਰਕੇ ਵਰਤੋਂ ਕਰਨ ਲਈ 150 ਕਰੋੜ ਰੁਪਏ ਰੱਖੇ ਗਏ ਹਨ। ਖੇਤੀ ਵਿਭਿੰਨਤਾ ਲਈ 200 ਕਰੋੜ ਰੁਪਏ, ਫਸਲੀ ਰਹਿੰਦ ਖੂੰਹਦ ਪ੍ਰਬੰਧਨ ਲਈ 40 ਕਰੋੜ ਰੁਪਏ ਰੱਖੇ ਗਏ ਹਨ। ਇਸੇ ਤਰ੍ਹਾਂ ਕਿਸਾਨਾਂ ਨੂੰ ਮੁਫਤ ਬਿਜਲੀ ਦੇਣ ਲਈ ਬਜਟ ਵਿਚ 4,650 ਕਰੋੜ ਦਾ ਪ੍ਰਬੰਧ ਕੀਤਾ ਗਿਆ ਹੈ। ਗੰਨਾ ਉਤਪਾਦਕਾਂ ਦੀ ਮਦਦ ਲਈ 300 ਕਰੋੜ ਅਤੇ ਗੁਰਦਾਸਪੁਰ ਤੇ ਬਟਾਲਾ ਖੰਡ ਮਿੱਲਾਂ ਦੇ ਵਿਸਥਾਰ ਲਈ 60 ਕਰੋੜ ਰੁਪਏ ਰੱਖੇ ਗਏ ਹਨ। ਇਸੇ ਤਰ੍ਹਾਂ ਹੀ ਨਹਿਰਾਂ ਨਾਲ ਸਬੰਧਤ 29 ਨਵੀਆਂ ਯੋਜਨਾਵਾਂ ਲਈ 452 ਕਰੋੜ ਦਾ ਉਪਬੰਧ ਕੀਤਾ ਗਿਆ ਹੈ।

ਵਿੱਤ ਮੰਤਰੀ ਨੇ ਸਦਨ ’ਚ ਅੱਜ 8622.31 ਕਰੋੜ ਰੁਪਏ ਦੇ ਮਾਲੀ ਘਾਟੇ ਵਾਲਾ ਬਜਟ ਪੇਸ਼ ਕੀਤਾ। ਵਿੱਤੀ ਵਰ੍ਹੇ 2021-22 ਲਈ 95,257.60 ਕਰੋੜ ਦੀਆਂ ਮਾਲੀ ਪ੍ਰਾਪਤੀਆਂ ਹੋਣ ਦਾ ਅਨੁਮਾਨ ਹੈ ਜਦੋਂ ਕਿ 1,03,879 ਕਰੋੜ ਮਾਲੀ ਖ਼ਰਚ ਦਾ ਅਨੁਮਾਨ ਹੈ। ਕੁੱਲ ਘਰੇਲੂ ਪੈਦਾਵਾਰ ਦਾ ਵਿੱਤੀ ਘਾਟਾ 3.99 ਫੀਸਦ ਰਹਿਣ ਦਾ ਅਨੁਮਾਨ ਹੈ।

ਪੰਜਾਬ ਸਿਰ 2021-22 ਵਿਚ ਕਰਜ਼ਾ ਵੱਧ ਕੇ 2,73,703.88 ਕਰੋੜ ਰੁਪਏ ਹੋਣ ਦੀ ਸੰਭਾਵਨਾ ਹੈ ਜੋ ਕੁੱਲ ਘਰੇਲੂ ਪੈਦਾਵਾਰ ਦਾ 45 ਫੀਸਦੀ ਹੈ। ਮਤਲਬ ਕਿ ਮੌਜੂਦਾ ਕਾਂਗਰਸ ਸਰਕਾਰ ਦੇ ਰਾਜ ਭਾਗ ਦੇ ਪੰਜ ਵਰ੍ਹਿਆਂ ਦੌਰਾਨ ਸੂਬੇ ਸਿਰ ਨਵਾਂ ਕਰੀਬ 91,000 ਕਰੋੜ ਦਾ ਕਰਜ਼ਾ ਹੋਰ ਵਧਣਾ ਹੈ। ਆਉਂਦੇ ਵਿੱਤੀ ਵਰ੍ਹੇ ਦੌਰਾਨ ਰਾਜ ਦੇ ਵਿਕਾਸ ਲਈ 20,823 ਕਰੋੜ ਦਾ ਵਾਧੂ ਕਰਜ਼ ਲਿਆ ਜਾਣਾ ਹੈ।

ਬਜਟ ’ਚ ਕਰਜ਼ੇ ਦੀ ਵਿਆਜ ਅਦਾਇਗੀ ਲਈ 38,828 ਕਰੋੜ ਰੁਪਏ ਰੱਖੇ ਗਏ ਹਨ ਜਦੋਂ ਕਿ 35,041 ਕਰੋੜ ਦਾ ਨਵਾਂ ਕਰਜ਼ਾ ਲਿਆ ਜਾਣਾ ਹੈ। ਛੇਵਾਂ ਪੇਅ ਕਮਿਸ਼ਨ ਲਾਗੂ ਹੋਣ ਮਗਰੋਂ ਰਾਜ ’ਤੇ 9000 ਕਰੋੜ ਰੁਪਏ ਦਾ ਹੋਰ ਨਵਾਂ ਬੋਝ ਪਵੇਗਾ ਅਤੇ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਪਹਿਲੀ ਜੁਲਾਈ 2021 ਤੋਂ ਲਾਗੂ ਕਰਨ ਦਾ ਐਲਾਨ ਵੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਦਾ ਕੋਈ ਬਕਾਇਆ ਹੈ ਤਾਂ ਇਹ ਪੜਾਅਵਾਰ ਅਦਾ ਕੀਤਾ ਜਾਵੇਗਾ ਅਤੇ ਪਹਿਲੀ ਕਿਸ਼ਤ ਇਸ ਸਾਲ ਅਕਤੂਬਰ ਅਤੇ ਦੂਜੀ ਜਨਵਰੀ 2022 ’ਚ ਦਿੱਤੀ ਜਾਵੇਗੀ। ਇਸੇ ਤਰ੍ਹਾਂ ਸਮਾਜ ਦੇ ਹਰ ਤਬਕੇ ਨੂੰ ਦਿੱਤੀ ਜਾਣ ਵਾਲੀ ਮੁਫ਼ਤ ਬਿਜਲੀ ਦੇ ਬਦਲੇ ਵਿਚ 11 ਹਜ਼ਾਰ ਕਰੋੜ ਦਾ ਭਾਰ ਵੀ ਬਜਟ ਚੁੱਕੇਗਾ।

ਮਨਪ੍ਰੀਤ ਨੇ ਕਿਹਾ ਕਿ ਪੰਜਾਬ ਅਜ਼ਮਾਇਸ਼ੀ ਦਲਦਲ ’ਚੋਂ ਉੱਭਰ ਚੁੱਕਾ ਹੈ ਅਤੇ ਕਾਫੀ ਹੱਦ ਤੱਕ ਮੰਦਹਾਲੀ ’ਤੇ ਕਾਬੂ ਪਾ ਲਿਆ ਹੈ। ਵਿੱਤ ਮੰਤਰੀ ਨੇ ਕਿਹਾ ਕਿ ਕੋਵਿਡ ਮਹਾਮਾਰੀ ਨੇ ਸੂਬੇ ਦੀ ਆਮਦਨੀ ਨੂੰ ਢਾਹ ਲਾਈ ਹੈ। ਬਜਟ ਨੂੰ ਖੇਤੀਬਾੜੀ ਅਤੇ ਸਮਾਜਿਕ ਸੇਵਾਵਾਂ ’ਤੇ ਕੇਂਦਰਿਤ ਕੀਤਾ ਗਿਆ ਹੈ। ਖੇਤੀਬਾੜੀ ਤੇ ਸਬੰਧਤ ਸੇਵਾਵਾਂ ਲਈ 4777.79 ਕਰੋੋੜ ਅਤੇ ਸਮਾਜਿਕ ਸੇਵਾਵਾਂ ਲਈ 19640.82 ਕਰੋੜ ਰੁਪਏ ਰੱਖੇ ਗਏ ਹਨ।

ਬਜਟ ਵਿਚ ਸਮਾਜਿਕ ਖੇਤਰ ਲਈ 19640.82 ਕਰੋੜ ਰੱਖੇ ਗਏ ਹਨ। ਬਜ਼ੁਰਗਾਂ, ਵਿਧਵਾਵਾਂ, ਅਨਾਥਾਂ ਅਤੇ ਅਪਾਹਜਾਂ ਦੀ ਮਾਸਿਕ ਪੈਨਸ਼ਨ 750 ਰੁਪਏ ਤੋਂ ਵਧਾ ਕੇ 1500 ਰੁਪਏ ਕਰ ਦਿੱਤੀ ਗਈ ਹੈ ਜਿਸ ਲਈ ਬਜਟ ਵਿਚ ਚਾਰ ਹਜ਼ਾਰ ਕਰੋੜ ਰੁਪਏ ਰੱਖੇ ਗਏ ਹਨ। ਆਸ਼ੀਰਵਾਦ ਸਕੀਮ ਤਹਿਤ ਅਨੁਸੂਚਿਤ ਜਾਤੀ ਦੇ ਪਰਿਵਾਰਾਂ ਦੀਆਂ ਲੜਕੀਆਂ ਨੂੰ ਵਿਆਹ ਸਮੇਂ ਦਿੱਤੀ ਜਾਣ ਵਾਲੀ ਸਹਾਇਤਾ ਦੀ ਰਾਸ਼ੀ 21 ਹਜ਼ਾਰ ਰੁਪਏ ਤੋਂ ਵਧਾ ਕੇ 51 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ ਜਿਸ ਲਈ 250 ਕਰੋੜ ਰੁਪਏ ਰੱਖੇ ਗਏ ਹਨ। ਬੁਢਾਪਾ ਪੈਨਸ਼ਨ ਅਤੇ ਆਸ਼ੀਰਵਾਦ ਸਕੀਮ ਦੀ ਨਵੀਂ ਐਲਾਨੀ ਰਾਸ਼ੀ ਪਹਿਲੀ ਜੁਲਾਈ ਤੋਂ ਲਾਗੂ ਹੋਵੇਗੀ। ਅੱਜ ਦੇ ਬਜਟ ਅਨੁਸਾਰ ਸਰਕਾਰੀ ਕਾਲਜਾਂ ਵਿਚ ਪੜ੍ਹਦੇ ਵਿਦਿਆਰਥੀਆਂ ਅਤੇ ਪੰਜਾਬ ਦੀਆਂ ਸਾਰੀਆਂ ਮਹਿਲਾ ਮੁਸਾਫ਼ਰਾਂ ਨੂੰ ਸਰਕਾਰੀ ਬੱਸਾਂ ਵਿਚ ਮੁਫਤ ਸਫਰ ਦੀ ਸਹੂਲਤ ਦਿੱਤੀ ਗਈ ਹੈ ਜਿਸ ਵਾਸਤੇ 170 ਰੁਪਏ ਬਜਟ ਵਿਚ ਰੱਖੇ ਗਏ ਹਨ। ਸਮਾਰਟ ਫੋਨ ਸਕੀਮ ਤਹਿਤ ਬਜਟ ਵਿਚ 100 ਕਰੋੜ ਰੁਪਏ ਰੱਖੇ ਗਏ ਹਨ। ਇਸ ਤੋਂ ਇਲਾਵਾ ਪੰਜਾਬੀ ਸਾਹਿਤ ਰਤਨ ਪੁਰਸਕਾਰ ਦੀ ਰਕਮ 10 ਲੱਖ ਰੁਪਏ ਤੋਂ 20 ਲੱਖ ਅਤੇ ਸ਼੍ਰੋਮਣੀ ਪੁਰਸਕਾਰ ਦੀ ਰਾਸ਼ੀ 5 ਲੱਖ ਤੋਂ 10 ਲੱਖ ਰੁਪਏ ਕਰ ਦਿੱਤੀ ਗਈ ਹੈ। ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰ ਦੀ ਇਨਾਮੀ ਰਕਮ 21 ਹਜ਼ਾਰ ਤੋਂ ਵਧਾ ਕੇ 31 ਹਜ਼ਾਰ ਕੀਤੀ ਗਈ ਹੈ ਅਤੇ ਸਰਵੋਤਮ ਛਪਾਈ ਪੁਸਤਕ ਪੁਰਸਕਾਰ ਦੀ ਰਾਸ਼ੀ 11 ਹਜ਼ਾਰ ਤੋਂ ਵਧਾ ਕੇ 21 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ। ਪੰਜਾਬੀ, ਹਿੰਦੀ ਤੇ ਉਰਦੂ ਭਾਸ਼ਾਵਾਂ ਦੇ ਲੋੜਵੰਦ ਬਜ਼ੁਰਗ ਲੇਖਕਾਂ ਦੀ ਮਾਸਿਕ ਪੈਨਸ਼ਨ 5 ਹਜ਼ਾਰ ਤੋਂ ਵਧਾ ਕੇ 15 ਹਜ਼ਾਰ ਰੁਪਏ ਅਤੇ ਮ੍ਰਿਤਕ ਲੇਖਕਾਂ ਦੇ ਆਸ਼ਰਿਤ ਪਰਿਵਾਰਾਂ ਨੂੰ ਵਿੱਤੀ ਸਹਾਇਤਾ 2500 ਰੁਪਏ ਤੋਂ ਵਧਾ ਕੇ 15 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਹੈ।

ਲੋੜਵੰਦ ਲੇਖਕਾਂ ਨੂੰ ਲਿਖਤਾਂ ਪ੍ਰ੍ਰਕਾਸ਼ਤ ਕਰਵਾਉਣ ਲਈ ਵਿੱਤੀ ਸਹਾਇਤਾ 10 ਹਜ਼ਾਰ ਤੋਂ ਵਧਾ ਕੇ 20 ਹਜ਼ਾਰ (100 ਪੰਨਿਆਂ ਤੱਕ ਵਾਲੀ ਕਿਤਾਬ ਲਈ) ਅਤੇ ਇਸ ਤੋਂ ਵਧੇਰੇ ਪੰਨਿਆਂ ਦੀ ਕਿਤਾਬ ਲਈ ਵਿੱਤੀ ਮਦਦ 15 ਹਜ਼ਾਰ ਤੋਂ ਵਧਾ ਕੇ 30 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ। ਇਵੇਂ ਹੀ ਆਜ਼ਾਦੀ ਘੁੁਲਾਟੀਆਂ ਲਈ ਮਹੀਨਾਵਾਰ ਪੈਨਸ਼ਨ 7500 ਤੋਂ ਵਧਾ ਕੇ 9400 ਰੁਪਏ ਕਰ ਦਿੱਤੀ ਗਈ ਹੈ।

ਰਾਜ ਰੁਜ਼ਗਾਰ ਯੋਜਨਾ ਤਹਿਤ 48,989 ਅਸਾਮੀਆਂ ਭਰੀਆਂ ਜਾਣਗੀਆਂ ਜਦੋਂ ਕਿ ਬੇਕਾਰੀ ਭੱਤੇ ਲਈ ਬਜਟ ਵਿਚ ਕੋਈ ਵਿਵਸਥਾ ਨਹੀਂ ਕੀਤੀ ਗਈ ਹੈ। ਵਿਭਾਗੀ ਐਲੋਕੇਸ਼ਨ ’ਤੇ ਨਜ਼ਰ ਮਾਰੀਏ ਤਾਂ ਸਿਹਤ ਤੇ ਪਰਿਵਾਰ ਭਲਾਈ ਲਈ 3,822 ਕਰੋੜ ਰੁਪਏ ਤਜਵੀਜ਼ ਕੀਤੇ ਗਏ ਹਨ ਅਤੇ ਸਿਹਤ ਮਿਸ਼ਨ ਲਈ 1060 ਕਰੋੜ ਰੱਖੇ ਗਏ ਹਨ ਜਿਸ ਤਹਿਤ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਸਕੀਮ ਲਈ 150 ਕਰੋੜ ਰੁਪਏ ਦਾ ਉਪਬੰਧ ਕੀਤਾ ਗਿਆ ਹੈ। ਕਪੂਰਥਲਾ ਅਤੇ ਹੁਸ਼ਿਆਰਪੁਰ ਵਿਚ ਦੋ ਨਵੇਂ ਮੈਡੀਕਲ ਕਾਲਜ ਬਣਾਏ ਜਾਣੇ ਹਨ।

ਸਕੂਲੀ ਸਿੱਖਿਆ ਤਹਿਤ ਮਿਡ ਡੇਅ ਮੀਲ ਲਈ 350 ਕਰੋੜ ਰੁਪਏ, ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਕੰਪਿਊਟਰਾਂ ਦੀ ਖਰੀਦ ਲਈ 50 ਕਰੋੜ, ਸਮਾਰਟ ਸਕੂਲ ਤੇ ਡਿਜੀਟਲ ਐਜੂਕੇਸ਼ਨ ਲਈ 140 ਕਰੋੜ ਰੁਪਏ ਰੱਖੇ ਗਏ ਹਨ। ਉਚੇਰੀ ਸਿੱਖਿਆ ਦਾ ਬਜਟ ਦੇਖੀਏ ਤਾਂ ਯੂਨੀਵਰਸਿਟੀਆਂ ਲਈ 1064 ਕਰੋੜ ਦੀ ਗਰਾਂਟ ਦਾ ਪ੍ਰਬੰਧ ਕੀਤਾ ਗਿਆ ਹੈ ਜਿਸ ’ਚੋਂ ਪੰਜਾਬੀ ’ਵਰਸਿਟੀ ਲਈ 90 ਕਰੋੜ ਰੁਪਏ ਰੱਖੇ ਗਏ ਹਨ। ਛੇ ਇਤਿਹਾਸਕ ਸਰਕਾਰੀ ਕਾਲਜਾਂ ਲਈ ਵੀ ਬਜਟ ਰੱਖਿਆ ਗਿਆ ਹੈ ਅਤੇ ਮਾਲੇਰਕੋਟਲਾ ਵਿਚ ਇੱਕ ਨਵਾਂ ਕਾਲਜ ਬਣਾਇਆ ਜਾਵੇਗਾ। ਸ੍ਰੀ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਲਈ 7 ਕਰੋੜ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਟੇਟ ਯੂਨੀਵਰਸਿਟੀ ਆਫ ਲਾਅ ਤਰਨ ਤਾਰਨ ਲਈ ਵੀ 7 ਕਰੋੜ ਰੁਪਏ ਰੱਖੇ ਗਏ ਹਨ। ਇਸੇ ਤਰ੍ਹਾਂ ਤਕਨੀਕੀ ਸਿੱਖਿਆ ਲਈ 511 ਕਰੋੜ ਰੁਪਏ ਰੱਖੇ ਗਏ ਹਨ। ਬਜਟ ਵਿਚ ਉਦਯੋਗਿਕ ਬਿਜਲੀ ਸਬਸਿਡੀ ਲਈ ਵੀ 1928 ਕਰੋੜ ਰੁਪਏ ਦਾ ਉਪਬੰਧ ਕੀਤਾ ਗਿਆ ਹੈ ਜਦੋਂ ਕਿ ਸਪੋਰਟਸ ਅਤੇ ਯੁਵਕ ਸੇਵਾਵਾਂ ਲਈ 147 ਕਰੋੜ ਰੁਪਏ ਰੱਖੇ ਗਏ ਹਨ। ਮਹਾਰਾਜਾ ਭੁਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ ਲਈ 15 ਕਰੋੜ ਦਾ ਬਜਟ ਰਾਖਵਾਂ ਕੀਤਾ ਗਿਆ ਹੈ ਅਤੇ ਹੁਸ਼ਿਆਰਪੁਰ ’ਚ ਨਵੀਂ ਰੈਸਲਿੰਗ ਅਕੈਡਮੀ ਅਤੇ ਫਿਰੋਜ਼ਪੁਰ ’ਚ ਰੋਇੰਗ ਅਕੈਡਮੀ ਸ਼ੁਰੂ ਕਰਨ ਦਾ ਐਲਾਨ ਵੀ ਕੀਤਾ ਗਿਆ ਹੈ। ਪੁਲੀਸ ਬਲ ਦੇ ਆਧੁਨਿਕੀਕਰਨ ਲਈ 89 ਕਰੋੜ ਰੁਪਏ ਰੱਖੇ ਗਏ ਹਨ ਅਤੇ ਗੋਇੰਦਵਾਲ ਸਾਹਿਬ ’ਚ ਕੇਂਦਰੀ ਜੇਲ੍ਹ ਅਤੇ ਬਠਿੰਡਾ ’ਚ ਮਹਿਲਾ ਜੇਲ੍ਹ ਚਾਲੂ ਕਰਨ ਦਾ ਐਲਾਨ ਵੀ ਕੀਤਾ ਗਿਆ ਹੈ। ਪੇਂਡੂ ਵਿਕਾਸ ਲਈ ‘ਹਰ ਘਰ ਪੱਕੀ ਛੱਤ’ ਲਈ 500 ਕਰੋੜ, ਸਮਾਰਟ ਪਿੰਡ ਮੁਹਿੰਮ ਲਈ 1175 ਕਰੋੜ, ਬਾਰਡਰ ਤੇ ਕੰਡੀ ਖੇਤਰ ਵਿਕਾਸ ਲਈ 268 ਕਰੋੜ, ‘ਹਰ ਘਰ ਪਾਣੀ, ਹਰ ਘਰ ਸਫਾਈ’ ਲਈ 2148 ਕਰੋੜ, ਸਮਾਰਟ ਸਿਟੀ ਮਿਸ਼ਨ ਲਈ 1600 ਕਰੋੜ, ਲੁਧਿਆਣਾ, ਮੁਹਾਲੀ ਤੇ ਅੰਮ੍ਰਿਤਸਰ ’ਚ ਵਪਾਰਕ ਕੰਪਲੈਕਸ ਲਈ 450 ਕਰੋੜ ਰੁਪਏ ਰੱਖੇ ਗਏ ਹਨ।

ਬਜਟ ਵਿਚ ਯਾਦਗਾਰਾਂ, ਸਮਾਰਕਾਂ ਅਤੇ ਅਜਾਇਬ ਘਰਾਂ ਦੀ ਸਥਾਪਨਾ ਲਈ 178 ਕਰੋੜ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400ਵਾਂ ਪ੍ਰਕਾਸ਼ ਦਿਹਾੜਾ ਮਨਾਉਣ ਲਈ 100 ਕਰੋੜ ਰੁਪਏ ਰੱਖੇ ਗਏ ਹਨ। ਇਸੇ ਤਰ੍ਹਾਂ ਹੀ 124 ਪੇਂਡੂ ਸੜਕਾਂ ਲਈ 160 ਕਰੋੜ, 560 ਕਿਲੋਮੀਟਰ ਲੰਮੀਆਂ ਸੜਕਾਂ ਤੇ ਪੁੱਲਾਂ ਦੇ ਨਵੀਨੀਕਰਨ ਲਈ 575 ਕਰੋੜ ਰੁਪਏ ਰੱਖੇ ਗਏ ਹਨ। 25 ਬੱਸ ਅੱਡਿਆਂ ਦੀ ਉਸਾਰੀ ਲਈ 250 ਕਰੋੜ ਤੇ 500 ਨਵੀਆਂ ਸਰਕਾਰੀ ਬੱਸਾਂ ਦੀ ਖਰੀਦ ਲਈ 150 ਕਰੋੜ ਰੁਪਏ ਰਾਖਵੇ ਰੱਖੇ ਗਏ ਹਨ।

ਬਜਟ ਕਿਸਾਨਾਂ ਨੂੰ ਮਾਯੂਸੀ ’ਚੋਂ ਕੱਢਣ ਦਾ ਯਤਨ: ਮਨਪ੍ਰੀਤ

ਚੰਡੀਗੜ੍ਹ (ਟਨਸ): ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਵਿੱਤੀ ਵਸੀਲੇ ਹੱਥ ਵਿੱਚ ਲਏ ਜਾਣ ਕਰਕੇ ਹੁਣ ਪੰਜਾਬ ਸਰਕਾਰ ਕੋਲ ਆਮਦਨ ਦੇ ਨਵੇਂ ਵਸੀਲੇ ਪੈਦਾ ਕਰਨ ਦੀ ਗੁੰਜਾਇਸ਼ ਨਹੀਂ ਰਹੀ। ਉਨ੍ਹਾਂ ਕਿਹਾ ਕਿ ਸਨਅਤੀ ਵਿਕਾਸ ਅਤੇ ਨਵੇਂ ਨਿਵੇਸ਼ ਨਾਲ ਹੀ ਪੰਜਾਬ ਸਿਰ ਵਧ ਰਹੇ ਕਰਜ਼ੇ ਦਾ ਹੱਲ ਹੋਣਾ ਹੈ ਤੇ ਕੋਵਿਡ ਮਹਾਮਾਰੀ ਦੇ ਬਾਵਜੂਦ ਉਨ੍ਹਾਂ ਨੇ ਪੰਜਾਬ ਦੀ ਵਿੱਤੀ ਹਾਲਤ ਨੂੰ ਸਥਿਰ ਰੱਖਿਆ ਹੈ। ਉਨ੍ਹਾਂ ਕਿਹਾ ਕਿ ਬਜਟ ਦਾ ਇੱਕੋ ਏਜੰਡਾ ਕਿਸਾਨਾਂ ਨੂੰ ਮਾਯੂਸੀ ਵਿੱਚੋਂ ਕੱਢਣਾ ਹੈ। ਮਹਿੰਗੀ ਬਿਜਲੀ ਸਬੰਧੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਬਿਜਲੀ ’ਤੇ 14 ਹਜ਼ਾਰ ਕਰੋੜ ਦੀ ਸਬਸਿਡੀ ਦੇ ਰਹੀ ਹੈ ਅਤੇ ਪੰਜਾਬ ਨੂੰ ਕੋਲਾ ਮਹਿੰਗਾ ਪੈਂਦਾ ਹੈ, ਜਿਸ ਕਰਕੇ ਹੋਰ ਸਬਸਿਡੀ ਦੇਣ ਦੀ ਪਹੁੰਚ ਸਰਕਾਰ ਕੋਲ ਨਹੀਂ ਹੈ। ਤੇਲ ਕੀਮਤਾਂ ਬਾਰੇ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਸ ਬਾਰੇ ਕਦਮ ਚੁੱਕ ਸਕਦੀ ਹੈ ਪਰ ਸੂਬੇ ਵੈਟ ਘਟਾਉਣ ਦੀ ਪਹੁੰਚ ਵਿੱਚ ਨਹੀਂ ਹਨ। ਉਨ੍ਹਾਂ ਦੱਸਿਆ ਕਿ ਸਿੱਖਿਆ ਦੇ ਬਜਟ ਵਿੱਚ 12 ਫ਼ੀਸਦੀ ਇਜ਼ਾਫ਼ਾ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਦੀ ਖੇਤੀ ਨੀਤੀ ਤਿਆਰ ਹੋ ਚੁੱਕੀ ਹੈ, ਜੋ ਅਗਲੇ ਮੌਨਸੂਨ ਸੈਸ਼ਨ ਵਿੱਚ ਆਏਗੀ।

ਵਿਧਾਨ ਸਭਾ ਵੱਲੋਂ ਔਰਤਾਂ ਦੇ ਸਿਰੜ ਨੂੰ ਸਲਾਮ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿੱਚ ਅੱਜ ਸਰਬਸੰਮਤੀ ਨਾਲ ਮਤਾ ਪਾਸ ਕਰ ਕੇ ‘ਮੁਲਕ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਲਈ ਔਰਤਾਂ ਦੇ ਸਿਰੜੀ ਜਜ਼ਬੇ’ ਨੂੰ ਸਲਾਮ ਕੀਤਾ ਗਿਆ। ਅੱਜ ‘ਕੌਮਾਂਤਰੀ ਮਹਿਲਾ ਦਿਵਸ’ ਮੌਕੇ ਸਦਨ ਵਿੱਚ ਔਰਤਾਂ ਵੱਲੋਂ ਹਰ ਖੇਤਰ ’ਚ ਪਾਏ ਯੋਗਦਾਨ ’ਤੇ ਚਰਚਾ ਕੀਤੀ ਗਈ। ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਔਰਤਾਂ ਅਤੇ ਲੜਕੀਆਂ ਦੇ ਸਸ਼ਕਤੀਕਰਨ ਪ੍ਰਤੀ ਸਰਕਾਰ ਦੀ ਵਚਨਬੱਧਤਾ ਕਾਇਮ ਰੱਖਣ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਕੌਮਾਂਤਰੀ ਮਹਿਲਾ ਦਿਵਸ ਮੌਕੇ ਸਦਨ ਵਿੱਚ ਮਤਾ ਪੇਸ਼ ਕੀਤਾ, ਜਿਸ ਦੀ ਪ੍ਰੋੜਤਾ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਕੀਤੀ। ਮੁੱਖ ਮੰਤਰੀ ਨੇ ਪੰਚਾਇਤੀ ਰਾਜ ਸੰਸਥਾਵਾਂ ਅਤੇ ਸ਼ਹਿਰੀ ਸਥਾਨਕ ਇਕਾਈਆਂ ਵਿੱਚ ਔਰਤਾਂ ਨੂੰ 50 ਫ਼ੀਸਦੀ ਰਾਖਵਾਂਕਰਨ ਦੇਣ ਦੀ ਪੂਰਤੀ ਹੋਣ ’ਤੇ ਖ਼ੁਸ਼ੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਇੰਦਰਾ ਗਾਂਧੀ, ਮਾਰਗ੍ਰੇਟ ਥੈਚਰ ਅਤੇ ਬੀਬੀ ਸਾਹਿਬ ਕੌਰ ਵਰਗੀਆਂ ਮਹਾਨ ਸ਼ਖ਼ਸੀਅਤਾਂ ਇਤਿਹਾਸ ਦਾ ਹਿੱਸਾ ਹਨ। ‘ਆਪ’ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਨੇ ਕਿਸਾਨੀ ਘੋਲ ਵਿੱਚ ਔਰਤਾਂ ਦੇ ਯੋਗਦਾਨ ਨੂੰ ਯਾਦ ਕੀਤਾ। ਕੰਵਰ ਸੰਧੂ ਨੇ ਕਿਹਾ ਕਿ ਸਿਆਸੀ ਧਿਰਾਂ ਨੂੰ ਚਾਹੀਦਾ ਹੈ ਕਿ ਅਗਾਮੀ ਚੋਣਾਂ ਵਿੱਚ ਔਰਤਾਂ ਨੂੰ 50 ਫ਼ੀਸਦੀ ਟਿਕਟਾਂ ਦੇਣ।

‘ਆਪ’ ਤੇ ਅਕਾਲੀ ਦਲ ਨੇ ਕੀਤਾ ਵਾਕਆਊਟ

ਚੰਡੀਗੜ੍ਹ: ਬਜਟ ਪੇਸ਼ ਕੀਤੇ ਜਾਣ ਮੌਕੇ ‘ਆਪ’ ਨੇ ਪੰਜਾਬ ਸਿਰ ਵਧ ਰਹੇ ਕਰਜ਼ੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਦੋ ਵਿਧਾਇਕਾਂ ਨੇ ਕਿਸਾਨ ਖ਼ੁਦਕੁਸ਼ੀ ਪੀੜਤ ਪਰਿਵਾਰਾਂ ਲਈ ਕੋਈ ਰਾਸ਼ੀ ਨਾ ਰੱਖੇ ਜਾਣ ਦੇ ਰੋਸ ਵਜੋਂ ਵਾਕਆਊਟ ਕੀਤਾ। ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ 11.15 ਵਜੇ ਬਜਟ ਪੜ੍ਹਨਾ ਸ਼ੁਰੂ ਕੀਤਾ ਤੇ ਅੱਧੇ ਘੰਟੇ ਮਗਰੋਂ ਹੀ ‘ਆਪ’ ਦੇ ਵਿਧਾਇਕਾਂ ਨੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿਚ ਪਹਿਲਾਂ ਸਪੀਕਰ ਦੇ ਆਸਣ ਅੱਗੇ ਨਾਅਰੇਬਾਜ਼ੀ ਕੀਤੀ ਅਤੇ ਫਿਰ ਸਦਨ ’ਚੋਂ ਵਾਕਆਊਟ ਕੀਤਾ। ਭਾਸ਼ਣ ਦੌਰਾਨ ਹੀ ਸ਼੍ਰੋਮਣੀ ਅਕਾਲੀ ਦਲ ਦੇ ਸਦਨ ਵਿਚ ਮੌਜੂਦ ਵਿਧਾਇਕ ਲਖਵੀਰ ਸਿੰਘ ਲੋਧੀਨੰਗਲ ਅਤੇ ਵਿਧਾਇਕ ਦਿਲਰਾਜ ਸਿੰਘ ਭੂੰਦੜ ਨੇ ਰੋਸ ਵਜੋਂ ਵਾਕਆਊਟ ਕੀਤਾ। ਬਾਕੀ ਅਕਾਲੀ ਵਿਧਾਇਕ ਪਹਿਲਾਂ ਹੀ ਸਪੀਕਰ ਵੱਲੋਂ ਸਦਨ ’ਚੋਂ ਮੁਅੱਤਲ ਕੀਤੇ ਜਾ ਚੁੱਕੇ ਹਨ। ਚੀਮਾ ਨੇ ਮੁਅੱਤਲ ਵਿਧਾਇਕਾਂ ਦੀ ਬਹਾਲੀ ਦੀ ਮੰਗ ਉਠਾਈ ਅਤੇ ਇਸੇ ਤਰ੍ਹਾਂ ਦੋ ਅਕਾਲੀ ਵਿਧਾਇਕਾਂ ਨੇ ਵੀ ਇਹੀ ਮੰਗ ਰੱਖੀ। ਸਪੀਕਰ ਨੇ ਮਾਮਲਾ ਵਿਚਾਰਨ ਦਾ ਭਰੋਸਾ ਦਿੱਤਾ।

ਬਜਟ ਕਿਸਾਨ ਤੇ ਗਰੀਬ ਪੱਖੀ: ਅਮਰਿੰਦਰ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਦਾ ਬਜਟ ਕਿਸਾਨ ਤੇ ਗਰੀਬ ਪੱਖੀ ਹੈ ਅਤੇ ਇਹ ਬਜਟ ਸਮਾਜ ਦੇ ਸਾਰੇ ਵਰਗਾਂ ਦੀ ਭਲਾਈ ਯਕੀਨੀ ਬਣਾਏਗਾ। ਮੁੱਖ ਮੰਤਰੀ ਨੇ ਕਿਹਾ ਕਿ ਐਫਸੀਆਈ ਵੱਲੋਂ ਕਿਸਾਨਾਂ ਨੂੰ ਈ-ਭੁਗਤਾਨ ਰਾਹੀਂ ਸਿੱਧੀ ਅਦਾਇਗੀ ਕਰਨ ਵਾਸਤੇ ਜ਼ਮੀਨੀ ਰਿਕਾਰਡ ਮੰਗਣਾ ਸਥਿਤੀ ਬਦਤਰ ਕਰੇਗਾ। ਮੁੱਖ ਮੰਤਰੀ ਨੇ ਇਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਰਾਜਪਾਲ ਨੂੰ ਖੇਤੀ ਕਾਨੂੰਨਾਂ ਖ਼ਿਲਾਫ਼ ਸੂਬੇ ਦੇ ਸੋਧ ਬਿੱਲਾਂ ਬਾਰੇ ਤੁਰੰਤ ਫੈਸਲਾ ਲੈ ਕੇ ਇਸ ਨੂੰ ਅੱਗੇ ਰਾਸ਼ਟਰਪਤੀ ਕੋਲ ਭੇਜਣਾ ਚਾਹੀਦਾ ਹੈ। ਵਿਧਾਨ ਸਭਾ ਚੋਣਾਂ ਆਪਣੀ (ਕੈਪਟਨ ਅਮਰਿੰਦਰ ਸਿੰਘ) ਦੀ ਅਗਵਾਈ ਵਿਚ ਲੜਨ ਬਾਰੇ ਪੁੱਛੇ ਜਾਣ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਬਾਰੇ ਫੈਸਲਾ ਕਰਨਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦਾ ਅਖਤਿਆਰ ਹੈ।

"ਕਾਂਗਰਸ ਨੇ ਪੁਰਾਣੀਆਂ ਸਕੀਮਾਂ ਅਤੇ ਵਾਅਦਿਆਂ ਨੂੰ ਹੀ ਨਵੀਂ ਦਿਖ ਦੇਣ ਦਾ ਯਤਨ ਕੀਤਾ ਹੈ। ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਅਗਵਾਈ ਹੇਠ ਪੰਜਾਬ ਦਾ ਕਰਜ਼ਾ ਦੁੱਗਣਾ ਹੋ ਗਿਆ ਹੈ।"

- ਸੁਖਬੀਰ ਬਾਦਲ

"ਇਹ ਬਜਟ ਕੈਪਟਨ ਦੇ ਵਿੱਤ ਮੰਤਰੀ ਨੇ ਨਹੀਂ ਸਗੋਂ ਪ੍ਰਸ਼ਾਂਤ ਕਿਸ਼ੋਰ ਨੇ ਬਣਾਇਆ ਹੈ। ਪੰਜਾਬ ਨੂੰ ਪ੍ਰਸ਼ਾਂਤ ਕਿਸ਼ੋਰ ਦੇ ਬਜਟ ਦੀ ਲੋੜ ਨਹੀਂ ਹੈ ਸਗੋਂ ਸੂਬੇ ਨੂੰ ਲੋਕਪੱਖੀ ਯੋਜਨਾਵਾਂ ਦੀ ਜ਼ਰੂਰਤ ਹੈ।"

- ਹਰਪਾਲ ਚੀਮਾ

ਸੈਕਟਰ ਵਾਈਜ਼ ਐਲੋਕੇਸ਼ਨ

ਖੇਤੀਬਾੜੀ ਅਤੇ ਸਬੰਧਤ ਸੇਵਾਵਾਂ: 4777.79 ਕਰੋੜ ਦਿਹਾਤੀ ਵਿਕਾਸ: 2205.22 ਕਰੋੜ

ਸਮਾਜਿਕ ਸੇਵਾਵਾਂ: 19,640.82 ਕਰੋੜ

ਸਿੰਚਾਈ ਤੇ ਹੜ੍ਹ ਕੰਟਰੋਲ: 1603.20 ਕਰੋੜ

ਟਰਾਂਸਪੋਰਟ: 1731.94 ਕਰੋੜ

ਆਮ ਆਰਥਿਕ ਸੇਵਾਵਾਂ: 557.57 ਕਰੋੜ

ਵਿਗਿਆਨ, ਤਕਨਾਲੋਜੀ ਤੇ ਵਾਤਾਵਰਣ: 420.44 ਕਰੋੜ

ਪੰਜਾਬ ਬਜਟ: ਮੁੱਖ ਨੁਕਤੇ

ਬਜਟ ਦਾ ਆਕਾਰ: 1,68,015 ਕਰੋੜ

ਬਕਾਇਆ ਕਰਜ਼ਾ: 2,73,702.88 ਕਰੋੜ

ਕਰਜ਼ੇ ਦੇ ਵਿਆਜ ਦੀ ਅਦਾਇਗੀ ਲਈ: 38,828.43 ਕਰੋੜ

ਮਾਲੀ ਪ੍ਰਾਪਤੀਆਂ: 95,257.60 ਕਰੋੜ

ਮਾਲੀ ਖਰਚਾ: 1,03,879.91 ਕਰੋੜ

ਮਾਲੀ ਘਾਟਾ: 86,22.31 ਕਰੋੜ

ਫਸਲੀ ਕਰਜ਼ਾ ਮੁਆਫੀ ਸਕੀਮ ਲਈ: 1712 ਕਰੋੜ

ਿਜਲੀ ਸਬਸਿਡੀ (ਸਭ ਵਰਗਾਂ ਲਈ): 11,000 ਕਰੋੜ

ਖੇਤੀ ਵਿਭਿੰਨਤਾ ਲਈ: 200 ਕਰੋੜ

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਸ਼ਹਿਰ

View All