ਸ਼ਗਨ ਕਟਾਰੀਆ
ਬਠਿੰਡਾ, 17 ਮਈ
ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਕਰੀਬੀ ਰਿਸ਼ਤੇਦਾਰ ਜੈਜੀਤ ਜੌਹਲ ਵੱਲੋਂ ਫੇਸਬੁੱਕ ’ਤੇ ਪਾਈ ਪੋਸਟ ਦੀ ਰਾਜਨੀਤਕ ਹਲਕਿਆਂ ’ਚ ਭਖ਼ਵੀਂ ਚਰਚਾ ਹੈ। ਜੌਹਲ ਨੇ ਅਮਰਿੰਦਰ ਸਿੰਘ (ਰਾਜਾ ਵੜਿੰਗ) ਅਤੇ ਭਾਰਤ ਭੂਸ਼ਨ ਆਸ਼ੂ ਦੀ ਪੰਜਾਬ ਕਾਂਗਰਸ ਦੇ ਸਰਵੋਤਮ ਅਹੁਦਿਆਂ ’ਤੇ ਤਾਇਨਾਤੀ ਨੂੰ ਲੈ ਕੇ ਕਾਂਗਰਸ ਹਾਈ ਕਮਾਨ ਦੀ ਕਾਰਜਸ਼ੈਲੀ ’ਤੇ ਉਂਗਲ ਚੁੱਕੀ ਹੈ। ਇਸ ਤੋਂ ਬਾਅਦ ਸਿਆਸੀ ਮਾਹਿਰ ਕਿਆਸਰਾਈਆਂ ਲਾਉਣ ਲੱਗੇ ਹਨ ਕਿ ਸੁਨੀਲ ਜਾਖੜ ਵਾਂਗ ਹੁਣ ਮਨਪ੍ਰੀਤ ਬਾਦਲ ਕਿਸੇ ਵੀ ਵੇਲੇ ਕਾਂਗਰਸ ਤੋਂ ਕਿਨਾਰਾਕਸ਼ੀ ਕਰ ਸਕਦੇ ਹਨ।
ਜੈਜੀਤ ਨੇ ਫੇਸਬੁੱਕ ’ਤੇ ਆਖਿਆ, ‘‘ਮੈਂ ਚੋਣਾਂ ਵੇਲੇ ਇਸ ਲਈ ਚੁੱਪ ਰਿਹਾ ਸੀ ਕਿ ਵੜਿੰਗ ਨੂੰ ਤਤਕਾਲੀ ਵਿੱਤ ਮੰਤਰੀ ਮਨਪ੍ਰੀਤ ਬਾਦਲ ਖ਼ਿਲਾਫ਼ ਬੋਲਣ ਨੂੰ ਮੁੱਦਾ ਕਿਉਂ ਬਣਾਇਆ ਜਾਵੇ। ਹਾਲਾਂਕਿ ਉਨ੍ਹਾਂ ਖੁੱਲ੍ਹ ਕੇ ਲੋਕਾਂ ਨੂੰ ਬਠਿੰਡਾ (ਸ਼ਹਿਰੀ) ਹਲਕੇ ਤੋਂ ਕਾਂਗਰਸ ਖ਼ਿਲਾਫ਼ ਵੋਟ ਪਾਉਣ ਦੀ ਅਪੀਲ ਕੀਤੀ ਸੀ। ਆਸ਼ੂ ਦੀ ਵੀ ਵੀਡੀਓ ਵਾਇਰਲ ਹੋਈ ਸੀ ਜਿਸ ’ਚ ਉਨ੍ਹਾਂ ਮਨਪ੍ਰੀਤ ਖ਼ਿਲਾਫ਼ ਵੋਟ ਪਾਉਣ ਲਈ ਕਿਹਾ ਸੀ।’’ ਜੌਹਲ ਨੇ ਕਾਂਗਰਸ ਹਾਈ ਕਮਾਂਡ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਇੱਕ ਨੂੰ ਕਾਂਗਰਸ ਦਾ ਪ੍ਰਧਾਨ ਤੇ ਦੂਜੇ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਹੈ। ਕਾਂਗਰਸ ਵਿਚ ਜੇਕਰ ਕੋਈ ਆਪਣੀ ਹੀ ਪਾਰਟੀ ਦੇ ਉਮੀਦਵਾਰ ਖ਼ਿਲਾਫ਼ ਬੋਲਦਾ ਹੈ ਤਾਂ ਉਸ ਨੂੰ ਅਹੁਦਿਆਂ ਨਾਲ ਨਿਵਾਜਿਆ ਜਾਂਦਾ ਹੈ। ਉਨ੍ਹਾਂ ਲੀਡਰਸ਼ਿਪ ਨੂੰ ਸਵਾਲ ਕੀਤਾ ਕਿ ਉਕਤ ਦੋਵਾਂ ਆਗੂਆਂ ਨੂੰ ਆਪਣੀ ਹੀ ਪਾਰਟੀ ਦੇ ਉਮੀਦਵਾਰ (ਮਨਪ੍ਰੀਤ ਬਾਦਲ) ਵਿਰੁੱਧ ਬੋਲਣ ਦੀ ਇਜਾਜ਼ਤ ਕਿਉਂ ਦਿੱਤੀ ਗਈ। ਮਨਪ੍ਰੀਤ ਸਿੰਘ ਬਾਦਲ ਖੇਮੇ ਦੇ ਸੂਤਰਾਂ ਅਨੁਸਾਰ ਜੈਜੀਤ ਜੌਹਲ ਮਨਪ੍ਰੀਤ ਸਿੰਘ ਬਾਦਲ ਦੀ ਇਜਾਜ਼ਤ ਤੋਂ ਬਿਨਾਂ ਅਜਿਹੇ ਵਿਚਾਰਾਂ ਨੂੰ ਕਦੇ ਵੀ ਜਨਤਕ ਨਹੀਂ ਕਰਦੇ।