ਬੀਰਬਲ ਰਿਸ਼ੀ/ਪਵਨ ਕੁਮਾਰ ਵਰਮਾ
ਸ਼ੇਰਪੁਰ/ਧੂਰੀ, 10 ਅਪਰੈਲ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਰ ਜ਼ਿਲ੍ਹੇ ਵਿੱਚ ਮੁੱਖ ਮੰਤਰੀ ਦਫ਼ਤਰ ਖੋਲ੍ਹਿਆ ਜਾਵੇਗਾ, ਜਿੱਥੇ ਤਾਇਨਾਤ ਵਿਸ਼ੇਸ਼ ਨੋਡਲ ਅਧਿਕਾਰੀ ਕੋਲ ਦਰਜ ਕਰਵਾਈ ਗਈ ਸ਼ਿਕਾਇਤ ਤੁਰੰਤ ਮੁੱਖ ਮੰਤਰੀ ਦਫ਼ਤਰ ਤੱਕ ਪਹੁੰਚਾਈ ਜਾਵੇਗੀ। ਉਹ ਅੱਜ ‘ਆਪ’ ਦੀ ਜਿੱਤ ਮਗਰੋਂ ਪਹਿਲੀ ਵਾਰ ਹਲਕਾ ਧੂਰੀ ਤੇ ਬਲਾਕ ਸ਼ੇਰਪੁਰ ਦੇ ਇਤਿਹਾਸ਼ਕ ਗੁਰਦੁਆਰਾ ਮੰਜੀ ਸਾਹਿਬ ਮੂਲੋਵਾਲ ਤੇ ਪ੍ਰਾਚੀਨ ਸ਼ਿਵ ਮੰਦਰ ਰਣੀਕੇ ਵਿਖੇ ਨਤਮਸਤਕ ਹੋਣ ਮਗਰੋਂ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਸ੍ਰੀ ਮਾਨ ਨੇ ਕਿਹਾ ਕਿ ਦੋਵੇਂ ਧਾਰਮਿਕ ਅਸਥਾਨਾਂ ’ਤੇ ਉਨ੍ਹਾਂ ਅਰਦਾਸ ਕੀਤੀ ਹੈ ਕਿ ਉਨ੍ਹਾਂ ਦਾ ਹਰਾ ਪੈੱਨ ਲੋਕਾਂ ਦੇ ਭਲੇ ਲਈ ਹੀ ਚੱਲੇ। ਉਨ੍ਹਾਂ ਦਾਅਵਾ ਕੀਤਾ ਕਿ ਲੋਕਾਂ ਨਾਲ ਕੀਤੇ ਵਾਅਦੇ ਪਹਿਲ ਦੇ ਆਧਾਰ ’ਤੇ ਪੂਰੇ ਕਰਨ ਦਾ ਵਾਅਦਾ ਉਨ੍ਹਾਂ ਨੂੰ ਯਾਦ ਹੈ, ਪਰ ਉਨ੍ਹਾਂ ਲੋਕਾਂ ਨੂੰ ਇਸ ਲਈ ਕੁਝ ਸਮਾਂ ਉਡੀਕ ਕਰਨ ਦੀ ਅਪੀਲ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਹਲਕਾ ਧੂਰੀ ਨਾਲ ਸਬੰਧਤ ਆਪਣੇ ਨੇੜਲੇ ਸਾਥੀਆਂ ਜਸਵੀਰ ਸਿੰਘ ਜੱਸੀ ਸੇਖੋਂ, ਪਰਮਿੰਦਰ ਪੁਨੂੰ ਕਾਤਰੋਂ, ਡਾ. ਅਨਵਰ ਭਸੌੜ, ਰਾਜਵੰਤ ਸਿੰਘ ਘੁੱਲੀ ਤੇ ਸਤਿੰਦਰ ਚੱਠਾ ਨਾਲ ਖਾਸ ਮੀਟਿੰਗ ਕੀਤੀ। ਮੀਟਿੰਗ ਦੌਰਾਨ ਉਨ੍ਹਾਂ ਹਦਾਇਤ ਕੀਤੀ ਕਿ ਕਿਸੇ ਦਾ ਸਹੀ ਕੰਮ ਰੁਕਣਾ ਨਹੀਂ ਚਾਹੀਦਾ ਅਤੇ ਗ਼ਲਤ ਕੰਮ ਦੀ ਸਿਫ਼ਾਰਿਸ਼ ਨਾ ਕੀਤੀ ਜਾਵੇ। ਇਸ ਮੌਕੇ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜ਼ੋਰਵਾਲ ਤੇ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਵੀ ਹਾਜ਼ਰ ਸਨ। ਇਸ ਦੌਰਾਨ ਬਲਾਕ ਪੰਚਾਇਤ ਯੂਨੀਅਨ ਸ਼ੇਰਪੁਰ ਦੇ ਮੋਹਰੀ ਆਗੂ ਗੁਰਦੀਪ ਸਿੰਘ ਸੁਲਤਾਨਪੁਰ, ਸਰਪੰਚ ਲਖਵੀਰ ਸਿੰਘ ਧੰਦੀਵਾਲ ਅਤੇ ਸਰਪੰਚ ਕੁਲਦੀਪ ਸਿੰਘ ਬਾਲੀਆਂ ਦੀ ਸਾਂਝੀ ਅਗਵਾਈ ਹੇਠ ਇਲਾਕੇ ਦੀਆਂ ਪੰਚਾਇਤਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੰਗ ਪੱਤਰ ਸੌਂਪ ਕੇ ਨਗਰ ਮੂਲੋਵਾਲ ਨੂੰ ਸਬ-ਡਿਵੀਜ਼ਨ ਬਣਾਉਣ ਦੀ ਮੰਗ ਰੱਖੀ। ਉਕਤ ਸਰਪੰਚਾਂ ਨੇ ਇਲਾਕੇ ਵਿੱਚ ਮੈਡੀਕਲ ਕਾਲਜ ਬਣਾਉਣ ਲਈ ਕੇਂਦਰ ਨਾਲ ਪਹਿਲਾਂ ਹੀ ਚੱਲ ਰਹੇ ਪੱਤਰ ਵਿਵਹਾਰ ਦਾ ਜ਼ਿਕਰ ਵੀ ਕੀਤਾ। ਮੁੱਖ ਮੰਤਰੀ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਵਿਚਾਰ ਕੇ ਫੈ਼ਸਲਾ ਲੈਣ ਦਾ ਭਰੋਸਾ ਦਿੱਤਾ।
ਗੰਨਾ ਸੰਘਰਸ਼ ਕਮੇਟੀ ਵੱਲੋਂ ਮੁੱਖ ਮੰਤਰੀ ਦੀ ਗੱਡੀ ਘੇਰਨ ਦੀ ਕੋਸ਼ਿਸ਼
ਧੂਰੀ (ਹਰਦੀਪ ਸਿੰਘ ਸੋਢੀ): ਮੁੱਖ ਮੰਤਰੀ ਭਗਵੰਤ ਮਾਨ ਮੂਲੋਵਾਲ ਦੇ ਇਤਿਹਾਸਕ ਗੁਰਦੁਆਰੇ ’ਚੋਂ ਮੱਥਾ ਟੇਕ ਕੇ ਜਦੋਂ ਵਾਪਸ ਆ ਰਹੇ ਸਨ ਤਾਂ ਗੰਨਾ ਸੰਘਰਸ਼ ਕਮੇਟੀ ਦੇ ਮੋਹਰੀ ਆਗੂਆਂ ਅਵਤਾਰ ਤਾਰੀ ਭੁੱਲਰਹੇੜੀ, ਹਰਜੀਤ ਸਿੰਘ ਬੁਗਰਾ, ਜਤਿੰਦਰ ਸਿੰਘ ਧੂਰਾ, ਪ੍ਰੇਮ ਸਿੰਘ ਭੋਜੋਵਾਲੀ ਸਮੇਤ ਹੋਰਨਾਂ ਨੇ ਉਨ੍ਹਾਂ ਦੀ ਗੱਡੀ ਘੇਰਨ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਨੇ ਮੌਕਾ ਸੰਭਾਲਦੇ ਹੋਏ ਮੁੱਖ ਮੰਤਰੀ ਦੀ ਗੱਡੀ ਲੰਘਾ ਦਿੱਤੀ। ਸੰਘਰਸ਼ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਉਹ ਮੁੱਖ ਮੰਤਰੀ ਨੂੰ ਗੰਨਾ ਮਿੱਲ ਧੂਰੀ ਵੱਲ ਬਕਾਇਆ ਪਈ 20 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਵਾਉਣ ਦੀ ਅਪੀਲ ਕਰਨਾ ਚਾਹੁੰਦੇ ਸਨ। ਇਸ ਮੌਕੇ ਮੁੱਖ ਮੰਤਰੀ ਦੇ ਓਐੱਸਡੀ ਰਾਜਬੀਰ ਸਿੰਘ ਘੁੰਮਣ ਨੇ ਗੰਨਾ ਕਾਸ਼ਤਕਾਰਾਂ ਦੀ ਸਮੱਸਿਆ ਸੁਣੀ ਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਬਕਾਇਆ ਰਹਿੰਦੀ ਰਾਸ਼ੀ ਦੀ ਅਦਾਇਗੀ ਜਲਦੀ ਕਰਵਾਉਣ ਲਈ ਹਰ ਸੰਭਵ ਉਪਰਾਲਾ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਮਿੱਲ ਪ੍ਰਬੰਧਕਾਂ ਨੂੰ ਵੀ ਫੋਨ ਕਰ ਕੇ ਗੰਨਾ ਕਾਸ਼ਤਕਾਰਾਂ ਦੀ ਬਕਾਇਆ ਰਾਸ਼ੀ ਜਲਦੀ ਕਰਨ ਲਈ ਕਿਹਾ।