ਚਰਨਜੀਤ ਭੁੱਲਰ
ਚੰਡੀਗੜ੍ਹ, 4 ਫਰਵਰੀ
ਕਾਂਗਰਸ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੇ 30 ਸਟਾਰ ਪ੍ਰਚਾਰਕਾਂ ਦਾ ਐਲਾਨ ਕਰ ਦਿੱਤਾ ਹੈ। ਪਿਛਲੇ ਦਿਨੀਂ ਉੱਤਰਾਖੰਡ ਚੋਣਾਂ ਲਈ ਐਲਾਨੇ ਸਟਾਰ ਪ੍ਰਚਾਰਕਾਂ ’ਚੋਂ ਨਵਜੋਤ ਸਿੰਘ ਸਿੱਧੂ ਦਾ ਨਾਮ ਗ਼ਾਇਬ ਸੀ, ਪਰ ਅੱਜ ਪੰਜਾਬ ਚੋਣਾਂ ਲਈ ਐਲਾਨੇ ਸਟਾਰ ਪ੍ਰਚਾਰਕਾਂ ਵਿਚ ਨਵਜੋਤ ਸਿੱਧੂ ਅਤੇ ਚਰਨਜੀਤ ਸਿੰਘ ਚੰਨੀ ਮੁੱਖ ਨਾਮ ਹਨ। ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਕੇ.ਸੀ ਵੇਣੂਗੋਪਾਲ ਦੇ ਦਸਤਖ਼ਤਾਂ ਹੇਠ ਜਾਰੀ ਸੂਚੀ ਅਨੁਸਾਰ ਪਾਰਟੀ ਦੇ ਸਟਾਰ ਪ੍ਰਚਾਰਕਾਂ ਵਿਚ ਪਾਰਟੀ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ, ਅੰਬਿਕਾ ਸੋਨੀ, ਪੰਜਾਬ ਇੰਚਾਰਜ ਹਰੀਸ਼ ਚੌਧਰੀ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਮੀਰਾ ਕੁਮਾਰ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ, ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ, ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਪ੍ਰਤਾਪ ਸਿੰਘ ਬਾਜਵਾ, ਅਜੈ ਮਾਕਨ, ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਆਨੰਦ ਕੁਮਾਰ, ਕੁਮਾਰੀ ਸ਼ੈਲਜਾ, ਰਣਦੀਪ ਸਿੰਘ ਸੁਰਜੇਵਾਲਾ, ਰਾਜੀਵ ਸ਼ੁਕਲਾ, ਸਚਿਨ ਪਾਇਲਟ, ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ, ਦੀਪੇਂਦਰ ਹੁੱਡਾ, ਰਾਜਾ ਵੜਿੰਗ, ਰਮਿੰਦਰ ਆਵਲਾ ਆਦਿ ਸ਼ਾਮਲ ਹਨ।
ਸਟਾਰ ਪ੍ਰਚਾਰਕਾਂ ’ਚੋਂ ਮਨੀਸ਼ ਤਿਵਾੜੀ ਦਾ ਨਾਮ ਗਾਇਬ
ਨਵੀਂ ਦਿੱਲੀ: ਪੰਜਾਬ ਚੋਣਾਂ ਲਈ ਐਲਾਨੀ ਕਾਂਗਰਸ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਦਾ ਨਾਮ ਗਾਇਬ ਹੈ। ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਪਾਰਟੀ ਦੇ ਪ੍ਰਮੁੱਖ ਚਿਹਰਿਆਂ ’ਚੋਂ ਇਕ ਹਨ। ਦੱਸ ਦਈਏ ਕਿ ਪਾਰਟੀ ਵਿੱਚ ਜਥੇਬੰਦਕ ਪੱਧਰ ’ਤੇ ਵੱਡੇ ਫੇਰਬਦਲ ਲਈ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਲਿਖਣ ਵਾਲੇ ਜੀ-23 ਆਗੂਆਂ ਵਿੱਚ ਮਨੀਸ਼ ਤਿਵਾੜੀ ਵੀ ਸ਼ੁਮਾਰ ਸਨ। ਸੂਤਰਾਂ ਨੇ ਕਿਹਾ ਕਿ ਪੰਜਾਬ ਵਿੱਚ ਹਿੰਦੂ ਆਬਾਦੀ 40 ਫੀਸਦ ਦੇ ਕਰੀਬ ਹੈ ਉਹ ਨਾ ਸਿਰਫ਼ ਹਿੰਦੂ ਭਾਈਚਾਰੇ ਦੀ ਨੁਮਾਇੰਦਗੀ ਕਰਦੇ ਹਨ ਬਲਕਿ ਯੂਪੀ ਵਿੱਚ ਜੜ੍ਹਾਂ ਹੋਣ ਕਰਕੇ ਉਹ ਪਰਵਾਸੀਆਂ ਨਾਲ ਖਾਸ ਸਾਂਝ ਰੱਖਦੇ ਹਨ। -ਆਈਏਐੱਨਐੱਸ
ਭਾਜਪਾ ਨੇ ਪ੍ਰਮੁੱਖ ਸਿੱਖ ਚਿਹਰਿਆਂ ਨੂੰ ਸਟਾਰ ਪ੍ਰਚਾਰਕ ਬਣਾਇਆ
ਭਾਜਪਾ ਵੱਲੋਂ ਪੰਜਾਬ ਚੋਣਾਂ ਲਈ ਵੀਰਵਾਰ ਨੂੰ ਜਾਰੀ 30 ਸਟਾਰ ਪ੍ਰਚਾਰਕਾਂ ਦੀ ਸੂਚੀ ਵਿਚ ਪ੍ਰਮੁੱਖ ਸਿੱਖ ਚਿਹਰਿਆਂ ਨੂੰ ਸਟਾਰ ਪ੍ਰਚਾਰਕ ਬਣਾਇਆ ਗਿਆ ਹੈ। ਪੰਜਾਬ ਦੇ ਸਾਬਕਾ ਸੂਚਨਾ ਕਮਿਸ਼ਨਰ ਨਿਧੜਕ ਸਿੰਘ ਬਰਾੜ ਨੂੰ ਸਟਾਰ ਪ੍ਰਚਾਰਕ ਬਣਾਇਆ ਗਿਆ ਹੈ, ਜੋ ਚੰਗੇ ਵਕਤਾ ਹਨ। ਇਸੇ ਤਰ੍ਹਾਂ ਸਾਬਕਾ ਡੀਜੀਪੀ ਐੱਸ.ਐੱਸ.ਵਿਰਕ, ਸਾਬਕਾ ਡੀਜੀਪੀ ਪੀ.ਐਸ.ਗਿੱਲ ਅਤੇ ਹਰਜੀਤ ਗਰੇਵਾਲ ਨੂੰ ਵੀ ਸਟਾਰ ਪ੍ਰਚਾਰਕਾਂ ਵਿਚ ਸ਼ਾਮਲ ਕੀਤਾ ਗਿਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੰਘੇ ਦਿਨ ਇਹ ਸੂਚੀ ਜਾਰੀ ਕੀਤੀ ਸੀ।
ਚਿਹਰੇ ਲਈ ਲੋਕ ਰਾਏ ਲੈਣ ਦੀ ਪ੍ਰਕਿਰਿਆ ਮੁਕੰਮਲ: ਚੌਧਰੀ
ਚੰਡੀਗੜ੍ਹ (ਟਨਸ): ਕਾਂਗਰਸ ਨੇ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਐਲਾਨਣ ਲਈ ਤਿਆਰੀ ਖਿੱਚ ਲਈ ਹੈ ਤੇ ਐਲਾਨ ਪੂਰੇ ਸਿਆਸੀ ਜਲੌਅ ਤੇ ਢੋਲ-ਢਮੱਕੇ ਨਾਲ ਕੀਤਾ ਜਾਵੇਗਾ| ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਅੱਜ ਇੱਥੇ ਪ੍ਰੈੱਸ ਕਾਨਫ਼ਰੰਸ ਕਰਕੇ ਦੱਸਿਆ ਕਿ ਪਾਰਟੀ ਵੱਲੋਂ ਆਗੂਆਂ ਅਤੇ ਵਰਕਰਾਂ ਤੋਂ ਮੁੱਖ ਮੰਤਰੀ ਦੇ ਚਿਹਰੇ ਬਾਰੇ ਫੀਡਬੈਕ ਲੈ ਲਈ ਗਈ ਹੈ ਅਤੇ 6 ਫਰਵਰੀ ਨੂੰ ਪਾਰਟੀ ਅਹਿਮ ਐਲਾਨ ਕਰੇਗੀ| ਸਿਆਸੀ ਹਲਕੇ ਆਖਦੇ ਹਨ ਕਿ ਕਾਂਗਰਸ ਪਾਰਟੀ ਵੱਲੋਂ ਚਰਨਜੀਤ ਚੰਨੀ ਨੂੰ ਚਿਹਰਾ ਐਲਾਨੇ ਜਾਣ ਦਾ ਮਨ ਬਣਾ ਲਿਆ ਗਿਆ ਹੈ| ਮੁੱਖ ਮੰਤਰੀ ਦਾ ਚਿਹਰਾ ਐਲਾਨ ਕੇ ਕਾਂਗਰਸ ਆਪਣੇ ਪੱਖ ’ਚ ਸਿਆਸੀ ਲਹਿਰ ਖੜ੍ਹੀ ਕਰਨ ਵਿਚ ਜੁੱਟ ਗਈ ਹੈ| ਚੌਧਰੀ ਨੇ ਅੱਜ ਇੱਥੇ ਰਸਮੀ ਤੌਰ ’ਤੇ ਦੱਸਿਆ ਕਿ ਰਾਹੁਲ ਗਾਂਧੀ 6 ਫਰਵਰੀ ਨੂੰ ਲੁਧਿਆਣਾ ਵਿਚ ਦੋ ਵਜੇ ਮੁੱਖ ਮੰਤਰੀ ਦੇ ਚਿਹਰੇ ਦਾ ਵਰਚੁਅਲ ਰੈਲੀ ਵਿਚ ਐਲਾਨ ਕਰਨਗੇ| ਕਾਂਗਰਸ ਪਾਰਟੀ ਵੱਲੋਂ ਸਿਆਸੀ ਪ੍ਰਭਾਵ ਛੱਡਣ ਲਈ ਸੂਬੇ ਦੇ 117 ਵਿਧਾਨ ਸਭਾ ਹਲਕਿਆਂ ਵਿਚ ਵੱਡੀਆਂ ਸਕਰੀਨਾਂ ਦਾ ਪ੍ਰਬੰਧ ਕੀਤਾ ਗਿਆ ਹੈ, ਜਿੱਥੇ ਹਰ ਹਲਕੇ ਵਿਚ ਇੱਕ-ਇੱਕ ਹਜ਼ਾਰ ਵਰਕਰਾਂ ਦਾ ਇਕੱਠ ਕੀਤਾ ਜਾਣਾ ਹੈ| ਪਾਰਟੀ ਦੇ ਉਮੀਦਵਾਰ ਆਪੋ-ਆਪਣੇ ਹਲਕੇ ਵਿਚ ਵਰਕਰਾਂ ਨਾਲ ਇੱਕ ਥਾਂ ਮੌਜੂਦ ਰਹਿਣਗੇ ਜਿੱਥੇ ਸਕਰੀਨ ਲੱਗਣੀ ਹੈ| ਸਮੁੱਚੇ ਪੰਜਾਬ ਵਿਚ 1.17 ਲੱਖ ਵਰਕਰਾਂ ਦਾ ਇਕੱਠ ਕੀਤਾ ਜਾ ਰਿਹਾ ਹੈ| ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਮਗਰੋਂ ਸੂਬੇ ਦੇ ਸਿਆਸੀ ਰੁਖ਼ ਵਿਚ ਬਦਲਾਅ ਆਇਆ ਸੀ। ਉਸੇ ਤਰਜ਼ ’ਤੇ ਹੁਣ ਕਾਂਗਰਸ ਵੀ ਚਿਹਰਾ ਐਲਾਨਣ ਮਗਰੋਂ ਆਪਣੇ ਪੱਖ ਵਿਚ ਮਾਹੌਲ ਸਿਰਜਣਾ ਚਾਹੁੰਦੀ ਹੈ| ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਤੋਂ ਪਹਿਲਾਂ ਅੰਦਰੋਂ-ਅੰਦਰੀਂ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦਰਮਿਆਨ ਇੱਕ ਦੌੜ ਲੱਗ ਗਈ ਹੈ| ਚਿਹਰਾ ਐਲਾਨੇ ਜਾਣ ਤੋਂ ਐਨ ਪਹਿਲਾ ਕਾਂਗਰਸ ਅੰਦਰ ਸਿਆਸੀ ਮਾਹੌਲ ਭਖ਼ ਗਿਆ ਹੈ|
ਪਾਰਟੀ ਜਿਸ ਨੂੰ ਵੀ ਚਿਹਰਾ ਐਲਾਨੇਗੀ, ਪ੍ਰਵਾਨ ਹੋਵੇਗਾ: ਚੰਨੀ
ਮੁੱਖ ਮੰਤਰੀ ਚਰਨਜੀਤ ਚੰਨੀ ਦਾ ਪ੍ਰਤੀਕਰਮ ਹੈ ਕਿ ਉਹ ਜਲੰਧਰ ਵਿਚ ਪਹਿਲਾਂ ਹੀ ਰਾਹੁਲ ਗਾਂਧੀ ਦੀ ਹਾਜ਼ਰੀ ਵਿਚ ਵਚਨ ਦੇ ਚੁੱਕੇ ਹਨ ਕਿ ਜਿਸ ਨੂੰ ਵੀ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾਵੇਗਾ, ਉਹ ਮਨਜ਼ੂਰ ਹੋਵੇਗਾ| ਨਵਜੋਤ ਸਿੱਧੂ ਨੂੰ ਚਿਹਰਾ ਐਲਾਨ ਦਿੱਤਾ ਗਿਆ ਤਾਂ ਉਨ੍ਹਾਂ ਦੀ ਜ਼ਮੀਰ ਇਜਾਜ਼ਤ ਨਹੀਂ ਦੇਵੇਗੀ ਕਿ ਉਹ ਸਿੱਧੂ ਨੂੰ ਪ੍ਰਵਾਨ ਨਾ ਕਰਨ| ਉਨ੍ਹਾਂ ਨੂੰ ਇਹ ਪ੍ਰਵਾਨ ਹੋਵੇਗਾ| ਚੰਨੀ ਨੇ ਇਹ ਵੀ ਕਿਹਾ ਕਿ 6 ਫਰਵਰੀ ਮਗਰੋਂ ਪੰਜਾਬ ਚੋਣਾਂ ਵਿਚ ਲੜਾਈ ਚਿਹਰਿਆਂ ਦੀ ਹੋਵੇਗੀ| ਉਨ੍ਹਾਂ ਇਹ ਵੀ ਕਿਹਾ ਕਿ ਅਗਰ ਉਨ੍ਹਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾਂਦਾ ਹੈ ਤਾਂ ਉਨ੍ਹਾਂ ਦੀ ਲੜਾਈ ਰਜਵਾੜਾਸ਼ਾਹੀ ਨੂੰ ਖ਼ਤਮ ਕਰਨ ਦੀ ਹੋਵੇਗੀ ਅਤੇ ਆਮ ਲੋਕਾਂ ਦਾ ਰਾਜ ਕਾਇਮ ਕਰਨਾ ਹੋਵੇਗਾ।
ਉਮੀਦਵਾਰਾਂ ਨੂੰ ਹਲਕਿਆਂ ’ਚ ਢੋਲ ਵਜਾਉਣ, ਪਟਾਕੇ ਚਲਾਉਣ ਤੇ ਲੱਡੂ ਵੰਡਣ ਲਈ ਕਿਹਾ ਗਿਆ
ਕਾਂਗਰਸ ਵੱਲੋਂ ਉਮੀਦਵਾਰਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਜਿਨ੍ਹਾਂ ’ਚ ਕਿਹਾ ਗਿਆ ਹੈ ਕਿ ਜਿਉਂ ਹੀ ਰਾਹੁਲ ਗਾਂਧੀ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਨਗੇ, ਉਸੇ ਵੇਲੇ ਹਰ ਹਲਕੇ ਵਿਚ ਢੋਲ ਵਜਾਏ ਜਾਣ ਅਤੇ ਪਟਾਕੇ ਚਲਾਏ ਜਾਣ| ਉਮੀਦਵਾਰਾਂ ਨੂੰ ਸਕਰੀਨ ਵਾਲੀ ਜਗ੍ਹਾ ’ਤੇ ਲੱਡੂਆਂ ਦਾ ਪ੍ਰਬੰਧ ਕਰਨ ਵਾਸਤੇ ਵੀ ਕਿਹਾ ਗਿਆ ਹੈ| ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਹੋਣ ਮਗਰੋਂ ਹੀ ਚਿਹਰੇ ਨੂੰ ਉਭਾਰਨ ਲਈ ਵੱਡੀ ਗਿਣਤੀ ਵਿਚ ਹਰ ਹਲਕੇ ਵਿਚ ਫਲੈਕਸਾਂ ਲਾਈਆਂ ਜਾਣਗੀਆਂ| ਰਾਹੁਲ ਗਾਂਧੀ ਵੱਲੋਂ ਜਿਸ ਨੂੰ ਵੀ ਚਿਹਰਾ ਐਲਾਨਿਆ ਜਾਵੇਗਾ, ਉਸ ’ਤੇ ਇੱਕ ਵਿਸ਼ੇਸ਼ ਗੀਤ ਵੀ ਤਿਆਰ ਕੀਤਾ ਜਾਣਾ ਹੈ| ਸੋਸ਼ਲ ਮੀਡੀਆ ’ਤੇ ਵੀ ਇੱਕ ਮੁਹਿੰਮ ਨਾਲ ਹੀ ਸ਼ੁਰੂ ਕੀਤੀ ਜਾਵੇਗੀ|