ਨਿੱਜੀ ਪੱਤਰ ਪ੍ਰੇਰਕ
ਚਮਕੌਰ ਸਾਹਿਬ, 21 ਸਤੰਬਰ
ਲੋਕ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਅੱਜ ਬਲਾਕ ਦੇ ਪਿੰਡ ਮਨਜੀਤਪੁਰ, ਮੁਕਰਾਬਪੁਰ ਅਤੇ ਖੇੜੀ ਸਲਾਬਤਪੁਰ ਦਾ ਦੌਰਾ ਕਰਦਿਆਂ ਦੋ-ਦੋ ਲੱਖ ਰੁਪਏ ਦੀ ਗਰਾਂਟ ਦੇ ਚੈੱਕ ਦਿੱਤੇ ਤੇ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਸੁਣੀਆਂ। ਉਨ੍ਹਾਂ ਕਿਹਾ ਕਿ ਲੋਕ ਸਭਾ ਹਲਕੇ ਦੇ ਪਿੰਡਾਂ ਦਾ ਵਿਕਾਸ ਕਰਨਾ ਉਨ੍ਹਾਂ ਦਾ ਮੁੱਖ ਉਦੇਸ਼ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਪਿੰਡਾਂ ਨੂੰ ਬੁਨਿਆਦੀ ਲੋੜਾਂ ਪੂਰੀਆਂ ਕਰਨ ਲਈ ਹੋਰ ਗਰਾਂਟਾਂ ਦੇਣ ਲਈ ਯਤਨਸ਼ੀਲ ਰਹਿਣਗੇ ਤਾਂ ਜੋ ਪੇਂਡੂ ਖੇਤਰ ਦੇ ਲੋਕ ਵੀ ਸ਼ਹਿਰੀ ਸਹੂਲਤਾਂ ਦਾ ਆਨੰਦ ਮਾਣ ਸਕਣ। ਸ੍ਰੀ ਤਿਵਾੜੀ ਨੇ ਉਕਤ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਅਤੇ ਉਨ੍ਹਾਂ ਨੂੰ ਜਲਦੀ ਹੀ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਸਰਪੰਚ ਅਮਰਸੰਗਰਾਮ ਸਿੰਘ, ਸਰਪੰਚ ਭੁਪਿੰਦਰ ਕੌਰ, ਸਰਪੰਚ ਰਾਜਵਿੰਦਰ ਕੌਰ, ਅਜੀਤ ਸਿੰਘ, ਗੁਰਿੰਦਰ ਸਿੰਘ, ਬਲਦੇਵ ਸਿੰਘ, ਗੁਰਪ੍ਰੀਤ ਸਿੰਘ, ਅਮਰਜੀਤ ਕੌਰ, ਹਰਦੀਪ ਕੌਰ, ਬੇਅੰਤ ਸਿੰਘ ਅਤੇ ਪੂਰਨ ਸਿੰਘ ਆਦਿ ਹਾਜ਼ਰ ਸਨ।