ਖੇਤਰੀ ਪ੍ਰਤੀਨਿਧ
ਪਟਿਆਲਾ, 24 ਜੂਨ
ਕਾਂਗਰਸ ਦੇ ਸੀਨੀਅਰ ਆਗੂ ਮਨੀਸ਼ ਤਿਵਾੜੀ ਨੇ ਅੱਜ ਇਥੇ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ ਕਰੀਬ ਪੌਣਾ ਘੰਟਾ ਚੱਲੀ। ਮੁਲਾਕਾਤ ਮਗਰੋਂ ਜੇਲ੍ਹ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦਿਆਂ ਮਨੀਸ਼ ਤਿਵਾੜੀ ਨੇ ਕਿਹਾ ਕਿ ਮੁਸ਼ਕਲ ਕਿਸੇ ਵੀ ਇਨਸਾਨ ’ਤੇ ਆ ਸਕਦੀ ਹੈ ਤੇ ਇਸ ਲਈ ਔਖੀ ਘੜੀ ਵਿੱਚ ਆਪਣੇ ਸਾਥੀਆਂ ਨਾਲ ਖੜ੍ਹਨਾ ਹਰੇਕ ਇਨਸਾਨ ਦਾ ਮੁੱਢਲਾ ਫਰਜ਼ ਹੁੰਦਾ ਹੈ। ਉਨ੍ਹਾਂ ਇਸ ਵੇਲੇ ਕੋਈ ਵੀ ਸਿਆਸੀ ਬਿਆਨ ਦੇਣ ਤੋਂ ਗੁਰੇਜ਼ ਕੀਤਾ। ਸ੍ਰੀ ਤਿਵਾੜੀ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਉਨ੍ਹਾਂ ਦੇ ਪੁਰਾਣੇ ਸਾਥੀ ਹਨ ਤੇ ਉਹ ਪਾਰਟੀ ਵਿੱਚ ਇਕੱਠਿਆਂ ਕੰਮ ਕਰ ਚੁੱਕੇ ਹਨ। ਇਸ ਲਈ ਉਹ ਅੱਜ ਉਨ੍ਹਾਂ ਦਾ ਹਾਲ-ਚਾਲ ਪੁੱਛਣ ਲਈ ਮੁਲਾਕਾਤ ਵਾਸਤੇ ਆਏ ਸਨ।