ਆਤਿਸ਼ ਗੁਪਤਾ
ਚੰਡੀਗੜ੍ਹ, 14 ਮਾਰਚ
ਮਨੋਨੀਤ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਫ਼ਦਾਰੀ ਸਮਾਗਮ ਤੋਂ ਪਹਿਲਾਂ ਹੀ ਸੂਬੇ ਵਿੱਚ ਨਵੀਂ ਵਜ਼ਾਰਤ ਦੇ ਨਾਲ-ਨਾਲ ਰਾਜ ਸਭਾ ਦੀਆਂ ਨਾਮਜ਼ਦਗੀਆਂ ਲਈ ਜੋੜ-ਤੋੜ ਸ਼ੁਰੂ ਹੋ ਗਿਆ ਹੈ। ਲੋਕ ਸਭਾ ਦੀ ਮੈਂਬਰੀ ਤੋਂ ਅਸਤੀਫ਼ਾ ਦੇਣ ਲਈ ਦਿੱਲੀ ਪੁੱਜੇ ਭਗਵੰਤ ਮਾਨ ਨੇ ਅੱਜ ਪਾਰਟੀ ਹਾਈ ਕਮਾਂਡ ਦੇ ਕਈ ਆਗੂਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਪੰਜਾਬ ਮੰਤਰੀ ਮੰਡਲ ਦੇ ਚਿਹਰਿਆਂ ਅਤੇ ਰਾਜ ਸਭਾ ਲਈ ਨਾਮਜ਼ਦਗੀਆਂ ਨੂੰ ਲੈ ਕੇ ਵੀ ਵਿਚਾਰ-ਚਰਚਾ ਹੋਈ। ਭਗਵੰਤ ਮਾਨ 16 ਮਾਰਚ ਨੂੰ ਇਕੱਲੇ ਹੀ ਬਤੌਰ ਮੁੱਖ ਮੰਤਰੀ ਸਹੁੰ ਚੁੱਕਣਗੇ ਜਦੋਂਕਿ ਮੰਤਰੀ ਮੰਡਲ ਲਈ ਹਲਫ਼ਦਾਰੀ ਸਮਾਗਮ ਵੱਖਰੇ ਤੌਰ ’ਤੇ ਰੱਖਿਆ ਜਾਵੇਗਾ। ਪੰਜਾਬ ਵਿੱਚ ਰਾਜ ਸਭਾ ਮੈਂਬਰਾਂ ਦੀਆਂ 5 ਸੀਟਾਂ ਲਈ ਚੋਣ 31 ਮਾਰਚ ਤੱਕ ਹੋਵੇਗੀ। ਉਸ ਲਈ ਪਾਰਟੀ ਹਾਈ ਕਮਾਂਡ ਵੱਲੋਂ ਸਾਰਾ ਦਿਨ ਵਿਚਾਰ-ਚਰਚਾ ਦਾ ਦੌਰ ਚੱਲਦਾ ਰਿਹਾ ਹੈ। ਇਸ ਲਈ ‘ਆਪ’ ਦੇ ਸੀਨੀਅਰ ਆਗੂ ਵੱਖ-ਵੱਖ ਖੇਤਰ ਨਾਲ ਜੁੜੀਆਂ ਹਸਤੀਆਂ ਬਾਰੇ ਮੰਥਨ ਕਰਦੇ ਦਿਖਾਈ ਦਿੱਤੇ ਹਨ। ਸੂਤਰਾਂ ਅਨੁਸਾਰ ਪੰਜਾਬ ਦੀਆਂ 5 ਰਾਜ ਸਭਾ ਸੀਟਾਂ ਵਿੱਚੋਂ 4 ‘ਆਪ’ ਅਤੇ ਇਕ ਕਾਂਗਰਸ ਦੇ ਹਿੱਸੇ ਆ ਸਕਦੀ ਹੈ। ਇਸ ਵਿੱਚੋਂ ‘ਆਪ’ ਵੀ ਦੋ ਵਿਅਕਤੀ ਦਿੱਲੀ ਤੋਂ ਲਿਆਉਣ ਦੀ ਤਿਆਰੀ ਕਰ ਰਹੀ ਹੈ ਜਦੋਂ ਕਿ ਰਹਿੰਦੇ ਦੋ ਪੰਜਾਬ ਨਾਲ ਸਬੰਧਤ ਹੋਣਗੇ। ਰਾਜ ਸਭਾ ਦੀ ਚੋਣ ਲਈ ਨਾਮਜ਼ਦਗੀਆਂ ਭਰਨ ਦੀ ਅੰਤਿਮ ਤਰੀਕ 21 ਮਾਰਚ ਹੈ ਅਤੇ 24 ਮਾਰਚ ਤੱਕ ਨਾਂ ਵਾਪਸ ਲਏ ਜਾਣਗੇ ਜਦੋਂ ਕਿ 31 ਮਾਰਚ ਨੂੰ ਵੋਟਾਂ ਦੀ ਗਿਣਤੀ ਹੋਵੇਗੀ।
ਦੂਜੇ ਪਾਸੇ ਪੰਜਾਬ ਦੀ ਨਵੀਂ ਵਜ਼ਾਰਤ ਬਾਰੇ ਭਗਵੰਤ ਮਾਨ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਹੈ ਕਿ ਪੰਜਾਬ ਕੈਬਨਿਟ ਵਿੱਚ 17 ਮੰਤਰੀ ਸ਼ਾਮਲ ਹੋਣਗੇ। ਉਹ ਮੰਤਰੀ ਕਿਹੜੇ ਹੋਣਗੇ ਉਸ ਨੂੰ ਲੈ ਕੇ ਲੋਕਾਂ ਵਿੱਚ ਵੱਖ-ਵੱਖ ਚਿਹਰਿਆਂ ’ਤੇ ਚਰਚਾ ਚੱਲ ਰਹੀ ਹੈ।