ਦਰਸ਼ਨ ਸਿੰਘ ਮਿੱਠਾ
ਫਤਹਿਗੜ੍ਹ ਸਾਹਿਬ, 30 ਅਗਸਤ
ਮੰਡੀ ਗੋਬਿੰਦਗੜ੍ਹ ਦੀ ਫਰਨਿਸ ਵਿਚ ਧਮਾਕੇ ਦੌਰਾਨ ਝੁਲਸੇ 10 ਮਜ਼ਦੂਰਾਂ ਵਿਚੋਂ ਇਕ ਗੰਭੀਰ ਜ਼ਖਮੀਂ ਰਾਮ ਆਧਾਰ ਪੁੱਤਰ ਜ਼ੋਰਾ ਵਾਸੀ ਧਰਮਤਪੁਰ ਪੰਡਿਤ ਪੁਰਬਾ ਜ਼ਿਲ੍ਹਾ ਸਰਸਵਤੀ ਪੁਰਮ ਉੱਤਰ ਪ੍ਰਦੇਸ਼ ਦੀ ਚੰਡੀਗੜ੍ਹ ਸੈਕਟਰ 32 ਦੇ ਹਸਪਤਾਲ ਵਿਖੇ ਇਲਾਜ ਦੌਰਾਨ ਮੌਤ ਹੋ ਗਈ ਹੈ। ਜਾਂਚ ਅਧਿਕਾਰੀ ਐੱਸਐੱਚਓ ਮਹਿੰਦਰ ਸਿੰਘ ਨੇ ਦੱਸਿਆ ਕਿ ਲਾਸ਼ ਸਿਵਲ ਹਸਪਤਾਲ ਮੰਡੀ ਗੋਬਿੰਦਗੜ੍ਹ ਵਿਖੇ ਲਿਆਂਦੀ ਗਈ ਹੈ। ਲਾਸ਼ ਨੂੰ ਮੁਰਦਾਘਰ ਵਿਚ ਰਖਵਾ ਦਿੱਤਾ ਹੈ, ਜਿਸ ਦੀ ਲੋੜੀਂਦੀ ਕਾਰਵਾਈ ਕਰਨ ਤੋਂ ਬਾਅਦ ਲਾਸ਼ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਜਾਵੇਗਾ। ਥਾਣਾ ਮੁਖੀ ਨੇ ਦੱਸਿਆ ਕਿ ਧਮਾਕੇ ਸਬੰਧੀ ਪੁਲੀਸ ਨੇ ਫਰਨਿਸ ਇਕਾਈ ਦੇ ਪ੍ਰੋਪਰਾਈਟਰ ਅਮਨ ਕੁਮਾਰ ਖ਼ਿਲਾਫ਼ ਲਾਪ੍ਰਵਾਹੀ ਦੇ ਦੋਸ਼ ਤਹਿਤ ਧਾਰਾਵਾਂ 287, 336 ਅਤੇ 337 ਅਧੀਨ ਮੁਕੱਦਮਾ ਦਰਜ ਕੀਤਾ ਸੀ ਪਰ ਹੁਣ ਇਕ ਮਜ਼ਦੂਰ ਦੀ ਮੌਤ ਹੋ ਜਾਣ ਤੋਂ ਬਾਅਦ ਧਾਰਾਵਾਂ ਵਿਚ 304 ਏ ਦਾ ਵਾਧਾ ਕਰ ਦਿੱਤਾ ਗਿਆ ਹੈ। ਸੈਕਟਰ 32 ਚੰਡੀਗੜ੍ਹ ਦੇ ਹਸਪਤਾਲ ਵਿਖੇ ਅਜੇ ਵੀ 5 ਗੰਭੀਰ ਜਖਮੀਂ ਜਿਨ੍ਹਾਂ ਵਿਚ ਅੰਗਨੀ, ਨਰਿੰਦਰ ਕੁਮਾਰ, ਸੁਖਨੰਦਨ, ਸੁਰਿੰਦਰ ਕੁਮਾਰ ਅਤੇ ਸ਼ੇਅਰਯਾਰ ਖ਼ਾਨ ਜੇਰੇ ਇਲਾਜ ਹਨ।